ਮੋਦੀ ਜੀ! ਅਪਣੀ ਸਰਕਾਰ ਅਧੀਨ ਫਸੇ ਹੋਏ ਕਰਜ਼ਿਆਂ ਦੀ ਗਿਣਤੀ ਤਾਂ ਦੱਸੋ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਐਨਡੀਏ ਸਰਕਾਰ ਨੂੰ ਅਪਣੇ ਕਾਰਜਕਾਲ ਦੌਰਾਨ ਦਿਤੇ ਗਏ ਉਨ੍ਹਾਂ ਕਰਜ਼ਿਆਂ ਦੀ ਗਿਣਤੀ ਦੱਸਣ ਲਈ ਕਿਹਾ ਹੈ..............

P. Chidambaram

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਐਨਡੀਏ ਸਰਕਾਰ ਨੂੰ ਅਪਣੇ ਕਾਰਜਕਾਲ ਦੌਰਾਨ ਦਿਤੇ ਗਏ ਉਨ੍ਹਾਂ ਕਰਜ਼ਿਆਂ ਦੀ ਗਿਣਤੀ ਦੱਸਣ ਲਈ ਕਿਹਾ ਹੈ ਜਿਹੜੇ ਫਸੇ ਹੋਏ ਕਰਜ਼ਿਆਂ ਵਿਚ ਬਦਲ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪਲਟਵਾਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ ਮੌਜੂਦਾ ਸਰਕਾਰ ਨੇ ਉਹ ਕਰਜ਼ੇ ਮੋੜਨ ਲਈ ਹੁਕਮ ਕਿਉਂਂ ਨਹੀਂ ਦਿਤੇ ਜਿਹੜੇ ਪਿਛਲੀ ਸਰਕਾਰ ਦੁਆਰਾ ਦਿਤੇ ਗਏ ਸਨ ਅਤੇ ਜਿਹੜੇ ਫਸੇ ਹੋਏ ਕਰਜ਼ਿਆਂ ਵਿਚ ਤਬਦੀਲ ਹੋ ਗਏ। ਚਿਦੰਬਰਮ ਨੇ ਟਵਿਟਰ 'ਤੇ ਲਿਖਿਆ, 'ਕਿੰਨੇ ਕਰਜ਼ੇ ਮਈ 2014 ਮਗਰੋਂ ਦਿਤੇ ਗਏ ਅਤੇ ਕਿੰਨੇ ਕਰਜ਼ੇ ਫਸੇ ਹੋਏ ਕਰਜ਼ਿਆਂ ਵਿਚ ਤਬਦੀਲ ਹੋਏ?

ਪੀ ਚਿਦੰਬਰਮ ਨੇ ਕਿਹਾ ਕਿ ਇਹ ਸਵਾਲ ਸੰਸਦ ਵਿਚ ਵਾਰ-ਵਾਰ ਪੁਛਿਆ ਗਿਆ ਪਰ ਇਸ ਦਾ ਕੋਈ ਜਵਾਬ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਚਲੋ ਇਕ ਵਾਰ ਮੰਨ ਲੈਂਦੇ ਹਾਂ ਕਿ ਪ੍ਰਧਾਨ ਮੰਤਰੀ ਸਹੀ ਕਹਿ ਰਹੇ ਹਨ ਕਿ ਯੂਪੀਏ ਦੌਰਾਨ ਦਿਤੇ ਗਏ ਕਰਜ਼ੇ ਫਸੇ ਹੋਏ ਕਰਜ਼ਿਆਂ ਵਿਚ ਤਬਦੀਲ ਹੋਏ ਹਨ। ਇਨ੍ਹਾਂ ਵਿਚੋਂ ਐਨਡੀਏ ਦੇ ਕਾਰਜਕਾਲ ਦੌਰਾਨ ਕਿੰਨੇ ਕਰਜ਼ੇ ਨਵਿਆਏ ਗਏ? ਉਨ੍ਹਾਂ ਕਿਹਾ ਕਿ ਇਨ੍ਹਾਂ ਕਰਜ਼ਿਆਂ ਨੂੰ ਐਨਡੀਏ ਸਰਕਾਰ ਦੌਰਾਨ ਮੋੜਨ ਲਈ ਹੁਕਮ ਕਿਉਂ ਨਹੀਂ ਦਿਤੇ ਗਏ ਸਗੋਂ ਇਸ ਦੇ ਉਲਟ ਇਨ੍ਹਾਂ ਨੂੰ ਨਵਿਆਉਣ ਦਾ ਕੰਮ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਕਲ ਕਿਸੇ ਸਮਾਗਮ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੂੰ ਫਸੇ ਹੋਏ ਕਰਜ਼ਿਆਂ ਲਈ ਜ਼ਿੰਮੇਵਾਰ ਦਸਿਆ ਸੀ ਤੇ ਨਾਲ ਹੀ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ 12 ਵੱਡੇ ਕਰਜ਼ਾ ਚੋਰਾਂ ਵਿਰੁਧ ਕਾਰਵਾਈ ਸ਼ੁਰੂ ਕੀਤੀ ਹੈ ਜਿਨ੍ਹਾਂ ਉਤੇ ਕਰੀਬ 1.75 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਨ੍ਹਾਂ ਨੂੰ 2014 ਤੋਂ ਪਹਿਲਾਂ ਕਰਜ਼ੇ ਦਿਤੇ ਗਏ ਸਨ।

ਉਨ੍ਹਾਂ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਸੀ ਕਿ ਨਾਮਦਾਰਾਂ ਦੇ ਫ਼ੋਨਾਂ 'ਤੇ ਹੀ ਕਰਜ਼ੇ ਦੇ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ ਬੈਂਕਾਂ ਨੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਉਦਯੋਗਪਤੀਆਂ ਨੂੰ ਕਰਜ਼ੇ ਦਿਤੇ ਤੇ ਇਨ੍ਹਾਂ ਦੀ ਸਿਫ਼ਾਰਸ਼ ਨਾਮਦਾਰਾਂ ਨੇ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਯੂਪੀਏ ਸਰਕਾਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਇਹ ਕਰਜ਼ੇ ਕਦੇ ਨਹੀਂ ਮੁੜਨਗੇ ਪਰ ਇਕ ਪਰਵਾਰ ਦੇ ਕਹਿਣ 'ਤੇ ਧੜਾਧੜ ਕਰਜ਼ੇ ਦਿਤੇ ਗਏ।      (ਏਜੰਸੀ)