ਬੰਗਲੁਰੂ ਦੀਆਂ ਸੜਕਾਂ ’ਤੇ ਉਤਰਿਆ ਐਸਟ੍ਰੋਨਾਟ, ਵੀਡੀਓ ਵਾਇਰਲ
ਬੰਗਲੁਰੂ ਦੇ ਲੋਕ ਵੀ ਦੇਖ ਕੇ ਹੋਏ ਹੈਰਾਨ
ਬੰਗਲੁਰੂ- ਇਸਰੋ ਦੇ ਚੰਦਰਯਾਨ ਮਿਸ਼ਨ ਦੇ ਚੰਦਰਮਾ ਦੇ ਨੇੜੇ ਪਹੁੰਚਣ ਦੀਆਂ ਖ਼ਬਰਾਂ ਦੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਐਸਟ੍ਰੋਨਾਟ ਚੰਦਰਮਾ ਦੀ ਸਤ੍ਹਾ ’ਤੇ ਚਲਦਾ ਹੋਇਆ ਨਜ਼ਰ ਆ ਰਿਹਾ ਹੈ। ਰਾਤ ਦੇ ਹਨ੍ਹੇਰੇ ਵਿਚ ਐਸਟ੍ਰੋਨਾਟ ਨੂੰ ਚਲਦੇ ਦੇਖ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਉਹ ਅਸਲ ਵਿਚ ਹੀ ਚੰਦ ਦੀ ਉਭੜ ਖੁੱਭੜ ਅਤੇ ਵੱਡੇ-ਵੱਡੇ ਟੋਇਆਂ ਵਾਲੀ ਸਤ੍ਹਾ ’ਤੇ ਚੱਲ ਰਿਹਾ ਹੋਵੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਵੀਡੀਓ ਚੰਦਰਮਾ ਜਾਂ ਕਿਸੇ ਬਾਹਰੀ ਗ੍ਰਹਿ ਦਾ ਨਹੀਂ, ਬਲਕਿ ਬੰਗਲੁਰੂ ਦੇ ਯਸ਼ਵੰਤਪੁਰ ਦਾ ਹੈ।
ਇਹ ਵੀਡੀਓ ਸਟ੍ਰੀਟ ਆਰਟਿਸਟ ਬਾਡਲ ਨੰਜੁਦਸਵਾਮੀ ਵੱਲੋਂ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਬਣਾਇਆ ਗਿਆ ਹੈ ਜੋ ਸੜਕਾਂ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੰਦੀ। ਟਵਿੱਟਰ ’ਤੇ ਅਪਲੋਡ ਹੁੰਦਿਆਂ ਹੀ ਇਹ ਤੇਜ਼ੀ ਨਾਲ ਵਾਇਰਲ ਹੋ ਗਿਆ।
ਬਾਡਲ ਸਵਾਮੀ ਪਹਿਲਾਂ ਵੀ ਅਪਣੀ ਅਨੋਖੀ ਕਲਾ ਜ਼ਰੀਏ ਬੰਗਲੁਰੂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਅੱਗੇ ਉਜਾਗਰ ਕਰ ਚੁੱਕੇ ਹਨ। ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਸੜਕਾਂ ’ਤੇ ਆਏ ਪਾਣੀ ਵਿਰੁਧ ਰੋਸ ਜ਼ਾਹਿਰ ਕਰਨ ਲਈ ਸੜਕਾਂ ’ਤੇ ਕੁੱਝ ਮਗਰਮੱਛਾਂ ਨੂੰ ਛੱਡ ਦਿੱਤਾ ਸੀ।
ਉਨ੍ਹਾਂ ਦਾ ਇਹ ਤਾਜ਼ਾ ਵੀਡੀਓ ਅਜਿਹੇ ਸਮੇਂ ਸਾਹਮਣੇ ਆਇਐ ਜਦੋਂ ਬੀਬੀਐਮਪੀ ਵੱਲੋਂ ਦਾਅਵਾ ਕੀਤਾ ਜਾ ਰਿਹੈ ਕਿ ਉਸ ਵੱਲੋਂ ਪਹਿਲ ਦੇ ਆਧਾਰ ’ਤੇ ਸੜਕਾਂ ਦੇ ਟੋਏ ਭਰੇ ਜਾ ਰਹੇ ਹਨ। ਬਾਡਲ ਸਵਾਮੀ ਦੀ ਇਸ ਵੀਡੀਓ ਮਗਰੋਂ ਹਾਈ ਕੋਰਟ ਨੇ ਨਗਰ ਨਿਗਮ ਦੀ ਖਿਚਾਈ ਕੀਤੀ।
ਇੱਥੋਂ ਤਕ ਕਿ ਅਦਾਲਤ ਨੇ ਅਪਣੇ ਇਕ ਆਦੇਸ਼ ਵਿਚ ਕਿਹਾ ਕਿ ਟੋਇਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਲਈ ਬੀਬੀਐਮਪੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਖ਼ੈਰ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਬੰਗਲੁਰੂ ਨਗਰ ਨਿਗਮ ਤੇਜ਼ੀ ਨਾਲ ਸੜਕਾਂ ਦੇ ਟੋਏ ਭਰਨ ਵਿਚ ਜੁਟ ਗਿਆ ਹੈ।