ਪੀਐਮ ਮੋਦੀ ਨੇ ਕੀਤਾ ਅਟਲ ਸੁਰੰਗ ਦਾ ਉਦਘਾਟਨ, ਬੱਸ ਨੂੰ ਦਿਖਾਈ ਹਰੀ ਝੰਡੀ
12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਰੋਹਤਾਂਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ ਦੁਨੀਆਂ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਅਟਲ ਸੁਰੰਗ ਦੁਨੀਆਂ ਵਿਚ ਸਭ ਤੋਂ ਲੰਬੀ ਰਾਜਮਾਰਗ ਸੁਰੰਗ ਹੈ ਅਤੇ 9.02 ਕਿਲੋਮੀਟਰ ਲੰਬੀ ਇਹ ਸੁਰੰਗ ਮਨਾਲੀ ਨੂੰ ਸਾਲਾਂ ਤੱਕ ਲਾਹੌਲ ਸਪਿਤੀ ਘਾਟੀ ਨਾਲ ਜੋੜ ਕੇ ਰੱਖੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਬਨ ਕੱਟ ਕੇ ਸੁਰੰਗ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਸੁਰੰਗ ਦੇ ਸਾਊਥ ਪੋਰਟਲ 'ਤੇ ਉਦਘਾਟਨ ਕੀਤਾ ਹੈ।
ਬੀਆਰਓ ਦੇ ਮਹਾਨਿਰਦੇਸ਼ਕ ਲੈਫਟੀਨੈਂਟ ਜਨਰਲ ਹਰਪਾਲ ਸਿੰਘ ਨੇ ਪੀਐਮ ਮੋਦੀ ਨੂੰ ਸੁਰੰਗ ਬਾਰੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨਾਲੀ ਦੇ ਸਾਸੇ ਹੈਲੀਪੈਡ 'ਤੇ ਪਹੁੰਚੇ, ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਐਮ ਜੈਰਾਮ ਠਾਕੁਰ ਨੇ ਉਹਨਾਂ ਦਾ ਸਵਾਗਤ ਕੀਤਾ। ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਨਾਰਥ ਪੋਰਟਲ ਵਿਚ ਨਿਗਮ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ 15 ਬਜ਼ੁਰਗ ਯਾਤਰੀਆਂ ਨੂੰ ਸਾਊਥ ਪੋਰਟਲ ਵੱਲ ਰਵਾਨਾ ਕੀਤਾ।
ਇਸ ਤੋਂ ਬਾਅਦ ਪੀਐਮ ਮੋਦੀ 12 ਤੋਂ 12.45 ਤੱਕ ਸਿਸੂ ਵਿਚ ਜਨਸਭਾ ਨੂੰ ਸੰਬੋਧਨ ਕਰਨਗੇ, ਜਦਕਿ 12.50 'ਤੇ ਵਾਪਸ ਸੁਰੰਗ ਵਿਚੋਂ ਹੋ ਕੇ ਸੋਲੰਗਨਾਲਾ ਪਹੁੰਚਣਗੇ ਅਤੇ ਭਾਜਪਾ ਨੇਤਾਵਾਂ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਅਟਲ ਸੁਰੰਗ ਦਾ ਨਿਰਮਾਣ ਅਤਿਅਧੁਨਿਕ ਤਕਨੀਕ ਦੀ ਮਦਦ ਨਾਲ ਪੀਰ ਜੰਜਾਲ ਦੀਆਂ ਪਹਾੜੀਆਂ ਵਿਚ ਕੀਤਾ ਗਿਆ ਹੈ।
ਇਹ ਸਮੁੰਦਰ ਤੱਟ ਨਾਲੋਂ 10,000 ਫੁੱਟ ਦੀ ਉਚਾਈ 'ਤੇ ਸਥਿਤ ਹੈ। 'ਅਟਲ ਸੁਰੰਗ' ਬਣਾਉਣ ਤੋਂ ਬਾਅਦ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵੇਂ ਸਥਾਨਾਂ ਵਿਚਕਾਰ ਸਫਰ ਦੌਰਾਨ ਲੱਗਣ ਵਾਲੇ ਸਮੇਂ ਵਿਚ ਵੀ 4 ਤੋਂ 5 ਘੰਟਿਆਂ ਦੀ ਕਮੀ ਆਵੇਗੀ।