ਚੱਕਰਵਾਤ ਪਾਬੁਕ ਦਾ ਖ਼ਤਰਾ, ਓਡੀਸ਼ਾ ਦੇ 7 ਜ਼ਿਲ੍ਹਿਆਂ 'ਚ ਹਾਈ ਅਲਰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜਿਹਾ ਖ਼ਤਰਾ ਹੈ ਕਿ ਇਹ 6 ਜਨਵਰੀ ਦੀ ਸ਼ਾਮ ਨੂੰ ਅੰਡੇਮਾਨ ਟਾਪੂ ਨੂੰ ਪਾਰ ਕਰਕੇ ਉਡੀਸ਼ਾ ਵੱਲ ਆ ਸਕਦਾ ਹੈ।

cyclone Pabuk expected to hit northern region

ਭੁਵਨੇਸ਼ਨਵਰ : ਓਡੀਸ਼ਾ 'ਤੇ ਇਕ ਹੋਰ ਚੱਕਰਵਾਤੀ ਤੂਫਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਦੱਖਣੀ ਚੀਨ ਤੋਂ ਉਠ ਰਿਹਾ ਪਾਬੁਕ ਚੱਕਰਵਾਤੀ ਤੂਫਾਨ ਅੰਡੇਮਾਨ ਹੁੰਦੇ ਹੋਏ ਓਡੀਸ਼ਾ ਵੱਲ ਵੱਧ ਰਿਹਾ ਹੈ। ਇਸ ਕਾਰਨ ਰਾਜ ਦੇ ਸੱਤ ਜ਼ਿਲ੍ਹਿਆਂ ਵਿਚ ਅਲਰਟ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਤਿਤਲੀ  ਤੂਫਾਨ ਨੇ ਇਥੇ ਭਾਰੀ ਤਬਾਹੀ ਮਚਾਈ ਸੀ। ਇਹ ਅਲਰਟ ਬਾਲਾਸੋਰ, ਭਦਰਕ, ਜਗਤਸਿੰਗਪੁਰ, ਕੇਂਦਰਪਾਰਾ, ਪੂਰੀ, ਗੰਜਮ ਅਤੇ ਖੁਦਰਾ ਵਿਖੇ ਜਾਰੀ ਕੀਤਾ ਗਿਆ ਹੈ।

ਇਸ ਸਬੰਧੀ ਸਥਾਨਕ ਪ੍ਰਸ਼ਾਸਨ ਨੂੰ ਸਚੇਤ ਰਹਿਣ ਅਤੇ ਹਾਲਾਤ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਮਛੇਰਿਆਂ ਨੂੰ ਵੀ ਅਗਲੇ ਦੋ ਦਿਨਾਂ ਤੱਕ ਡੂੰਘੇ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿਤੀ ਗਈ ਹੈ। ਰਾਜ ਦੇ ਆਪਦਾ ਪ੍ਰਬੰਧਨ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਚੱਕਰਵਾਤ ਪਾਬੁਕ 3 ਜਨਵਰੀ 2019 ਨੂੰ ਦੱਖਣੀ ਪੂਰਬੀ ਪੋਰਟ ਬਲੇਅਰ ਤੋਂ ਲਗਭਗ 15000 ਕਿਲੋਮੀਟਰ ਦੂਰ ਹੈ। ਅਜਿਹਾ ਖ਼ਤਰਾ ਹੈ ਕਿ ਇਹ 6 ਜਨਵਰੀ ਦੀ ਸ਼ਾਮ ਨੂੰ ਅੰਡੇਮਾਨ ਟਾਪੂ ਨੂੰ ਪਾਰ ਕਰਕੇ ਉਡੀਸ਼ਾ ਵੱਲ ਆ ਸਕਦਾ ਹੈ।

ਇਥੋਂ  ਹੁੰਦਾ ਹੋਇਆ ਇਹ ਚੱਕਰਵਾਤ 7-8 ਜਨਵਰੀ ਨੂੰ ਮਿਆਮਾਰ ਵੱਲ ਜਾ ਸਕਦਾ ਹੈ, ਜਿਥੇ ਇਹ ਕਮਜ਼ੋਰ ਪੈ ਜਾਵੇਗਾ। ਪਿਛਲੇ ਸਾਲ ਅਕਤੂਬਰ ਦੌਰਾਨ ਓਡੀਸ਼ਾ ਵਿਚ ਚੱਕਰਵਾਤ ਤਿਤਲੀ ਕਾਰਨ 57 ਲੋਕਾਂ ਦੀ ਮੌਤ ਹੋ ਗਈ ਸੀ। ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਰਾਜ ਵਿਚ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਸੀ। ਇਸ ਤੂਫਾਨ ਵਿਚ 57,131 ਘਰ ਤਬਾਹ ਹੋ ਗਏ ਸਨ। ਲਗਭਗ 2200 ਕਰੋੜ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 17 ਅਕਤੂਬਰ ਨੂੰ ਚੱਕਰਵਾਤ ਤਿਤਲੀ ਰਾਹੀਂ ਪੀੜਤ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦਿਤੀ ਜਾਣ ਵਾਲੀ ਰਕਮ 4 ਲੱਖ ਤੋਂ ਵਧਾ ਕੇ 10 ਲੱਖ ਕਰ ਦਿਤੀ ਸੀ। ਰਾਜ ਵਿਚ ਹਾਲਾਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਪਟਨਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀ। ਜਿਸ ਵਿਚ ਰਾਹਤ ਅਤੇ ਬਹਾਲੀ ਦੇ ਕੰਮ ਲਈ 1000 ਕਰੋੜ ਰੁਪਏ ਦੀ ਮਦਦ ਕਰਨ ਦੀ ਬੇਨਤੀ ਕੀਤੀ ਸੀ।