ਫਰਾਂਸ ਵਿਚ ਮਿਲਿਆ ਓਮੀਕਰੋਨ ਤੋਂ ਜ਼ਿਆਦਾ ਖਤਰਨਾਕ 'IHU Variant', 46 ਵਾਰ ਬਦਲ ਚੁੱਕਾ ਹੈ ਰੂਪ
ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਵੇਰੀਐਂਟ ਓਮੀਕਰੋਨ ਕਾਰਨ ਇਸ ਸਮੇਂ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ।
ਨਵੀਂ ਦਿੱਲੀ: ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਵੇਰੀਐਂਟ ਓਮੀਕਰੋਨ ਕਾਰਨ ਇਸ ਸਮੇਂ ਦੁਨੀਆ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਫਰਾਂਸ ਦੇ ਵਿਗਿਆਨੀਆਂ ਨੇ ਇਕ ਹੋਰ ਨਵਾਂ ਰੂਪ 'IHU' ਖੋਜਿਆ ਹੈ, ਜੋ ਓਮੀਕਰੋਨ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਵਿਗਿਆਨੀਆਂ ਦੀ ਖੋਜ 'ਚ ਸਾਹਮਣੇ ਆਏ B.1.640.2 ਯਾਨੀ IHU ਵੇਰੀਐਂਟ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੇਰੀਐਂਟ ਉਹਨਾਂ ਲੋਕਾਂ ਨੂੰ ਵੀ ਸ਼ਿਕਾਰ ਬਣਾ ਸਕਦਾ ਹੈ, ਜਿਨ੍ਹਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਇਕ ਵਾਰ ਕੋਰੋਨਾ ਹੋ ਚੁੱਕਿਆ ਹੈ।
Covid 19
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਵੇਰੀਐਂਟ ਵਿਚ 46 ਮਿਊਟੇਸ਼ਨ ਹੋ ਸਕਦੇ ਹਨ, ਜੋ ਕਿ ਓਮੀਕਰੋਨ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਮਾਰਸੇਲਜ਼ ਵਿਚ ਇਸ ਨਵੇਂ ਰੂਪ ਦੇ ਘੱਟੋ-ਘੱਟ 12 ਕੇਸ ਪਾਏ ਗਏ ਹਨ। ਸਾਰੇ ਸੰਕਰਮਿਤ ਲੋਕ ਅਫਰੀਕੀ ਦੇਸ਼ ਕੈਮਰੂਨ ਦੀ ਯਾਤਰਾ ਤੋਂ ਵਾਪਸ ਆਏ ਸਨ।
omicron
ਓਮੀਕਰੋਨ ਵੇਰੀਐਂਟ ਅਜੇ ਵੀ ਦੁਨੀਆ ਭਰ ਵਿਚ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਹੈ ਪਰ IHU ਵੇਰੀਐਂਟ ਦਾ ਖ਼ਤਰਾ ਵੀ ਵੱਧ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਜਾਂਚ 'ਚ ਕਿਹਾ ਗਿਆ ਹੈ ਕਿ ਫਰਾਂਸ ਤੋਂ ਇਲਾਵਾ ਕਿਸੇ ਹੋਰ ਦੇਸ਼ 'ਚ ਇਹ ਰੂਪ ਅਜੇ ਤੱਕ ਨਹੀਂ ਪਾਇਆ ਗਿਆ ਹੈ। ਹਾਲਾਂਕਿ ਇਸ ਦੌਰਾਨ ਮਹਾਂਮਾਰੀ ਵਿਗਿਆਨੀ ਐਰਿਕ ਫੇਗਲ ਡਿੰਗ ਨੇ ਟਵਿਟਰ 'ਤੇ ਕਿਹਾ ਕਿ ਕੋਰੋਨਾ ਦੇ ਨਵੇਂ ਰੂਪ ਯਕੀਨੀ ਤੌਰ 'ਤੇ ਸਾਹਮਣੇ ਆ ਰਹੇ ਹਨ ਪਰ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਪੁਰਾਣੇ ਰੂਪਾਂ ਨਾਲੋਂ ਜ਼ਿਆਦਾ ਖਤਰਨਾਕ ਹਨ। ਵੇਰੀਐਂਟਸ ਨੂੰ ਲੈ ਕੇ ਜੋ ਚਿੰਤਾ ਜਤਾਈ ਜਾ ਰਹੀ ਹੈ, ਉਹਨਾਂ 'ਚ ਸਭ ਤੋਂ ਖਤਰਨਾਕ ਉਹ ਹਨ ਜਿਨ੍ਹਾਂ ਦੇ ਮਿਊਟੈਂਟ ਜ਼ਿਆਦਾ ਹਨ।
Omicron Case
ਓਮੀਕਰੋਨ ਵੇਰੀਐਂਟ ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫਰੀਕਾ ਵਿਚ ਖੋਜਿਆ ਗਿਆ ਸੀ। ਉਦੋਂ ਤੋਂ ਓਮੀਕਰੋਨ ਰੂਪ 100 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ 23 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੂਬਿਆਂ ਵਿਚ ਫੈਲ ਚੁੱਕਾ ਹੈ। ਦੇਸ਼ ਭਰ ਵਿਚ ਹੁਣ ਤੱਕ ਓਮੀਕਰੋਨ ਵੇਰੀਐਂਟ ਦੇ 1892 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਓਮੀਕਰੋਨ ਬਾਰੇ ਰਾਹਤ ਦੀ ਗੱਲ ਇਹ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਾਕੀ ਸਾਰੇ ਵੇਰੀਐਂਟਸ ਦੇ ਮੁਕਾਬਲੇ ਕਮਜ਼ੋਰ ਹੈ।