ਦੇਸ਼, ਸੰਵਿਧਾਨ ਬਚਾਉਣ ਲਈ ਜਾਰੀ ਰੱਖਾਂਗੀ ਸੰਘਰਸ਼ : ਮਮਤਾ ਬੈਨਰਜੀ
ਚਿਟਫੰਡ ਘਪਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ...
ਕੋਲਕਾਤਾ :- ਚਿਟਫੰਡ ਘਪਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਧਰਨੇ 'ਤੇ ਬੈਠੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਸੱਤਿਆਗ੍ਰਿਹ ਜਾਰੀ ਰੱਖੇਗੀ। ਮੁੱਖ ਮੰਤਰੀ ਕੁੱਝ ਸੀਨੀਅਰ ਮੰਤਰੀ ਅਤੇ ਪਾਰਟੀ ਦੇ ਮੈਬਰਾਂ ਦੇ ਨਾਲ ਬਿਨਾਂ ਕੁੱਝ ਖਾਦੇ ਰਾਤ ਭਰ ਅਸਥਾਈ ਮੰਚ 'ਤੇ ਬੈਠੇ ਰਹੇ। ਬੈਨਰਜੀ ਨੇ ਧਰਨਾ ਥਾਂ 'ਤੇ ਮੌਜੂਦ ਸੰਪਾਦਕਾਂ ਨੂੰ ਕਿਹਾ ਇਹ ਇਕ ਸੱਤਿਆਗ੍ਰਿਹ ਹੈ ਅਤੇ ਜਦੋਂ ਤੱਕ ਦੇਸ਼ ਸੁਰੱਖਿਅਤ ਨਹੀਂ ਹੋ ਜਾਂਦਾ ਮੈਂ ਇਸ ਨੂੰ ਜਾਰੀ ਰੱਖਾਂਗੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਗੁਜਰਾਤ ਦੇ ਵਿਧਾਇਕ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਸਮੇਤ ਕਈ ਨੇਤਾਵਾਂ ਦੇ ਫੋਨ ਆ ਰਹੇ ਹਨ। ਇਹ ਪੁੱਛਣ 'ਤੇ ਕਿ ਕੀ ਕੋਈ ਨੇਤਾ ਉਨ੍ਹਾਂ ਨੂੰ ਮਿਲਣ ਸ਼ਹਿਰ ਆਵੇਗਾ, ਬੈਨਰਜੀ ਨੇ ਕਿਹਾ ਮੈਨੂੰ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ। ਜੇਕਰ ਕੋਈ ਆਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਇਹ ਲੜਾਈ ਮੇਰੀ ਪਾਰਟੀ ਦੀ ਨਹੀਂ ਹੈ। ਇਹ ਮੇਰੀ ਸਰਕਾਰ ਲਈ ਹੈ।
ਇਸ ਵਿਚ ਕਈ ਜ਼ਿਲਿਆਂ ਤੋਂ ਪਾਰਟੀ ਸਮਰਥਕ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਸਮਰਥਨ 'ਚ ਨਾਹਰੇ ਲਗਾਏ। ਹਾਲਿਸ਼ਹਰ ਤੋਂ ਆਏ ਸਮਰਥਕ ਪਰਿਤੋਸ਼ ਸੇਨਗੁਪਤਾ ਨੇ ਕਿਹਾ ਕਿ ਅਸੀਂ ਸਾਡੀ ਦੀਦੀ ਦਾ ਸਮਰਥਨ ਕਰਨ ਇੱਥੇ ਆਏ ਹਾਂ। ਅਸੀਂ ਉਨ੍ਹਾਂ ਦੇ ਸਮਰਥਨ 'ਚ ਖੜੇ ਹਾਂ। ਜ਼ਿਕਰਯੋਗ ਹੈ ਕਿ ਚਿਟਫੰਡ ਮਾਮਲੇ 'ਚ ਸੀਬੀਆਈ ਦੇ ਕੋਲਕਾਤਾ ਪੁਲਿਸ ਮੁਖੀ ਰਾਜੀਵ ਕੁਮਾਰ ਤੋਂ ਪੁੱਛਗਿਛ ਕਰਨ ਦੀ ਕੋਸ਼ਿਸ਼ ਦੇ ਖਿਲਾਫ ਮਮਤਾ ਬੈਨਰਜੀ ਐਤਵਾਰ ਸ਼ਾਮ ਧਰਨੇ 'ਤੇ ਬੈਠੀ ਸੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਮ ਚੰਦਰਬਾਬੂ ਨਾਇਡੂ, ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਸਹਿਤ ਕਈ ਨੇਤਾਵਾਂ ਨੇ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਰਾਹੁਲ ਗਾਂਧੀ ਨੇ ਮਮਤਾ ਨੂੰ ਫੋਨ ਕਰ ਆਪਣਾ ਸਮਰਥਨ ਦਿਤਾ ਅਤੇ ਕਿਹਾ ਕਿ ਪੂਰਾ ਵਿਰੋਧੀ ਪੱਖ ਇਕੱਠਾ ਹੈ ਅਤੇ ਉਹ ਫਾਸੀਵਾਦੀ ਤਾਕਤਾਂ ਨੂੰ ਹਰਾਏਗਾ।