ਦੇਸ਼ ਅਤੇ ਸੰਵਿਧਾਨ ਦੀ ਰੱਖਿਆ ਲਈ ਜਾਰੀ ਰੱਖਾਂਗੀ ਸੱਤਿਆਗ੍ਰਹਿ : ਮਮਤਾ ਬੈਨਰਜੀ
ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਜਦ ਤੱਕ ਦੇਸ਼ ਅਤੇ ਸੰਵਿਧਾਨ ਨੂੰ ਬਚਾ ਨਹੀਂ ਲਿਆ ਜਾਂਦਾ, ਉਸ ਵੇਲ੍ਹੇ ਤੱਕ ਉਨ੍ਹਾਂ ਦਾ ਸੱਤਿਆਗ੍ਰਹਿ ਜਾਰੀ ਰਹੇਗਾ।
ਕੋਲਕੱਤਾ : ਸ਼ਾਰਦਾ ਚਿਟਫੰਡ ਘੁਟਾਲੇ ਵਿਚ ਕੋਲਕੱਤਾ ਪੁਲਿਸ ਕਮਿਸ਼ਨਰ ਤੋਂ ਪੁੱਛਗਿਛ ਕਰਨ ਦੀ ਸੀਬੀਆਈ ਦੀ ਕੋਸ਼ਿਸ਼ ਵਿਰੁਧ ਧਰਨੇ 'ਤੇ ਬੈਠੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਜਦ ਤੱਕ ਦੇਸ਼ ਅਤੇ ਸੰਵਿਧਾਨ ਨੂੰ ਬਚਾ ਨਹੀਂ ਲਿਆ ਜਾਂਦਾ, ਉਸ ਵੇਲ੍ਹੇ ਤੱਕ ਉਨ੍ਹਾਂ ਦਾ ਸੱਤਿਆਗ੍ਰਹਿ ਜਾਰੀ ਰਹੇਗਾ। ਭਾਜਪਾ ਨੀਤ ਕੇਂਦਰ ਸਰਕਾਰ ਵਿਰੁਧ ਤ੍ਰਿਣਮੂਲ ਕਾਂਗਰਸ
ਦੇ ਕਰਮਚਾਰੀਆਂ ਨੇ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿਚ ਰੈਲੀਆਂ ਕੀਤੀਆਂ ਅਤੇ ਧਰਨੇ ਦਿੱਤੇ । ਦੋ ਜ਼ਿਲ੍ਹਿਆਂ ਵਿਚ ਟ੍ਰੇਨਾਂ ਦੀ ਆਵਾਜਾਹੀ ਵੀ ਰੋਕੀ ਗਈ । ਬੈਨਰਜੀ ਸੰਵਿਧਾਨ 'ਤੇ ਹੋਏ ਹਮਲੇ ਵਿਰੁਧ ਬੀਤੀ ਰਾਤ ਲਗਭਗ ਸਾਢੇ ਅੱਠ ਵਜੇ ਤੋਂ ਧਰਨੇ 'ਤੇ ਬੈਠੇ ਹੋਏ ਹਨ । ਵਾਮ ਮੋਰਚਾ ਸਰਕਾਰ ਵੱਲੋਂ ਕਾਰਖਾਨੇ ਸਥਾਪਤ ਕਰਨ ਲਈ ਸਿੰਗੁਰ ਵਿਚ ਜ਼ਮੀਨ ਐਕਵਾਇਰ ਕਰਨ ਵਿਰੁਧ
ਮਮਤਾ ਨੇ 2006 ਦਸੰਬਰ ਵਿਚ 25 ਦਿਨ ਦੀ ਭੂਖਹੜਤਾਲ ਵੀ ਕੀਤੀ ਸੀ । ਸਿੰਗੂਰ ਮੁਹਿੰਮ ਤੋਂ ਹੀ ਮਮਤਾ ਦੇ 2011 ਵਿਚ ਸੱਤਾ ਵਿਚ ਆਉਣ ਦਾ ਰਾਹ ਖੁਲ੍ਹਾ ਸੀ। ਦੱਸ ਦਈਏ ਕਿ ਚਿਟਫੰਡ ਘਪਲੇ ਵਿਚ ਕੋਲਕੱਤਾ ਪੁਲਿਸ ਮੁਖੀ ਰਾਜੀਵ ਕੁਮਾਰ ਤੋਂ ਪੁੱਛਗਿਛ ਲਈ ਸੀਬੀਆਈ ਦੀ ਟੀਮ ਦੇ ਪਹੁੰਚਣ ਤੋਂ ਬਾਅਦ ਤੋਂ ਰਾਜ ਵਿੱਚ ਰਾਜਨੀਤੀ ਮਾਹੌਲ ਭਖਿਆ ਹੋਇਆ ਹੈ।
ਬੀਤੇ ਦਿਨ ਸੀਬੀਆਈ ਦੀ ਟੀਮ ਕੋਲਕਾਤਾ ਵਿਚ ਕੁਮਾਰ ਦੇ ਘਰ ਪਹੁੰਚੀ ਪਰ ਉਥੇ ਤੈਨਾਤ ਸੰਤਰੀਆਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿਤਾ ਅਤੇ ਉਨ੍ਹਾਂ ਨੂੰ ਥਾਣੇ ਲੈ ਗਏ । ਬੈਨਰਜੀ ਦੇ ਇਸ ਕਦਮ ਦਾ ਕਈ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਸਮਰਥਨ ਕੀਤਾ ਗਿਆ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੇਕਰ ਕੋਈ ਆਣਾ ਚਾਹੁੰਦਾ ਹੈ ਤਾਂ
ਅਸੀ ਉਸਦਾ ਸਵਾਗਤ ਕਰਾਂਗੇ । ਇਹ ਲੜਾਈ ਮੇਰੀ ਪਾਰਟੀ ਦੀ ਨਹੀਂ ਹੈ, ਇਹ ਮੇਰੀ ਸਰਕਾਰ ਲਈ ਹੈ । ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸੰਵਿਧਾਨ ਅਤੇ ਸੰਘਵਾਦ ਦੀ ਭਾਵਨਾ ਨੂੰ ਕਲੰਕਿਤ ਕੀਤਾ ਗਿਆ ਹੈ ਬੈਨਰਜੀ ਨੇ ਦਾਅਵਾ ਕੀਤਾ ਸੀ ਕਿ ਸੀਬੀਆਈ ਕੁਮਾਰ ਦੇ ਦਰਵਾਜੇ 'ਤੇ ਬਿਨਾਂ ਤਲਾਸ਼ੀ ਵਾਰੰਟ ਦੇ ਪਹੁੰਚੀ ।