''ਦੇਸ਼ ਨੂੰ ਫ਼ਿਰਕੂ ਲੀਹਾਂ 'ਤੇ ਵੰਡ ਰਹੀ ਹੈ ਮੋਦੀ ਸਰਕਾਰ''

ਏਜੰਸੀ

ਖ਼ਬਰਾਂ, ਰਾਸ਼ਟਰੀ

ਨਫ਼ਰਤ ਦੀ ਰਾਜਨੀਤੀ ਦੀ ਥਾਂ ਉਮੀਦ ਦੀ ਰਾਜਨੀਤੀ ਦੀ ਲੋੜ : ਕਾਂਗਰਸ ਸੰਸਦ ਮੈਂਬਰ

File Photo

ਨਵੀਂ ਦਿੱਲੀ : ਕਾਂਗਰਸ ਸਣੇ ਕੁੱਝ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਹੈ ਕਿ ਕੁੱਝ ਕੇਂਦਰੀ ਮੰਤਰੀ ਅਪਣੇ ਰਾਜਨੀਤਕ ਮਾਲਕਾਂ ਦੀ ਮੌਨ ਸਹਿਮਮਤੀ ਨਾਲ ਭੜਕਾਊ ਬਿਆਨ ਦੇ ਕੇ ਦੇਸ਼ ਨੂੰ ਫ਼ਿਰਕੂ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਕਾਰਨ ਵਿਰੋਧੀ ਪਾਰਟੀਆਂ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ ਰਹੀਆਂ ਹਨ।

ਉਧਰ, ਭਾਜਪਾ ਨੇ ਵਿਰੋਧੀ ਧਿਰਾਂ 'ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਅਤੇ ਫ਼ਤਵੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਸੰਸਦ ਦੇ ਦੋਹਾਂ ਸਦਨ ਦੀ ਸਾਂਝੀ ਬੈਠਕ ਵਿਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ ਸਬੰਧੀ ਲੋਕ ਸਭਾ ਵਿਚ ਚਰਚਾ ਵਿਚ ਹਿੱਸਾ ਲੈਂਦਿਆਂ ਕਾਂਗਰਸ ਦੇ ਗੌਰਵ ਗੋਗਈ ਨੇ ਦੋਸ਼ ਲਾਇਆ ਕਿ ਕੁੱਝ ਕੇਂਦਰੀ ਮੰਤਰੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੇਸ਼ ਵਿਚ ਨਫ਼ਰਤ ਦੀ ਰਾਜਨੀਤੀ ਦੀ ਥਾਂ ਉਮੀਦ ਦੀ ਰਾਜਨੀਤੀ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਜਿਹੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਦੀ ਬਜਾਏ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਚਰਚਾ ਦੀ ਸ਼ੁਰੂਆਤ ਕਰਦਿਆਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸੱਭ ਤੋਂ ਉਪਰ ਹੈ ਪਰ ਇਹੋ ਸੰਵਿਧਾਨ ਲੋਕਾਂ ਦੇ ਫ਼ਤਵੇ ਨੂੰ ਵੀ ਸੱਭ ਤੋਂ ਉਪਰ ਦਸਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਾਰੇ ਧਰਮਾਂ ਅਤੇ ਸੂਬਿਆਂ ਦੀ ਸਰਕਾਰ ਹੈ।

ਉਨ੍ਹਾਂ ਵਿਰੋਧੀ ਧਿਰਾਂ ਨੂੰ ਜੈ ਸ੍ਰੀ ਰਾਮ ਬੋਲਣ ਲਈ ਕਿਹਾ ਤਾਕਿ ਉਨ੍ਹਾਂ ਦੇ ਪਾਪ ਧੋਤੇ ਜਾ ਸਕਣ। ਕਾਂਗਰਸ ਦੇ ਗੋਗਈ ਨੇ ਕਿਹਾ, 'ਅੱਜ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕ ਸੰਵਿਧਾਨ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਸੜਕਾਂ 'ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਹੀ ਅਖ਼ੀਰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਂਦੇ ਹਨ।

ਉਨ੍ਹਾਂ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਇਤਰਾਜ਼ਯੋਗ ਬਿਆਨ ਦਾ ਅਸਿੱਧੇ ਤੌਰ 'ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਨੇ ਭੜਕਾਉਣ ਵਾਲਾ ਬਿਆਨ ਦਿਤਾ ਜਿਸ ਮਗਰੋਂ ਦਿੱਲੀ ਵਿਚ ਨੌਜਵਾਨ ਨੇ ਗੋਲੀ ਚਲਾ ਦਿਤੀ।  ਭਾਜਪਾ ਦੇ ਰਾਮਕ੍ਰਿਪਾਲ ਯਾਦਵ ਨੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਕਿਸੇ ਨਾਲ ਭੇਦਭਾਵ ਨਹੀਂ ਕਰਦੀ ਸਗੋਂ ਵਿਰੋਧੀ ਧਿਰ ਦੇ ਲੋਕ ਜਨਤਾ ਲਈ ਨਹੀਂ, ਸੱਤਾ ਲਈ ਕੰਮ ਕਰਦੇ ਹਨ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਦੇ ਹਨ।