ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਏਅਰਲਾਈਨਜ਼ ਨੇ ਪਹੁੰਚਾਇਆ ਉਦੈਪੁਰ, ਮਹੀਨੇ ਵਿਚ ਦੂਜੀ ਵਾਰ ਵਾਪਰੀ ਘਟਨਾ
ਯਾਤਰੀ ਨੇ ਇਸ ਦੀ ਸ਼ਿਕਾਇਤ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੂੰ ਕੀਤੀ ਹੈ। ਡੀਜੀਸੀਏ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਨਵੀਂ ਦਿੱਲੀ: ਇੰਡੀਗੋ ਏਅਰਲਾਈਨਜ਼ ਨੇ ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਗਲਤੀ ਨਾਲ ਉਦੈਪੁਰ ਪਹੁੰਚਾ ਦਿੱਤਾ। ਯਾਤਰੀ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਏਅਰਲਾਈਨਜ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਯਾਤਰੀ ਨੂੰ ਅਗਲੇ ਦਿਨ ਵਾਪਸ ਪਟਨਾ ਭੇਜ ਦਿੱਤਾ ਗਿਆ। ਯਾਤਰੀ ਨੇ ਇਸ ਦੀ ਸ਼ਿਕਾਇਤ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੂੰ ਕੀਤੀ ਹੈ। ਡੀਜੀਸੀਏ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇੰਡੀਗੋ ਨੇ ਇਕ ਮਹੀਨੇ 'ਚ ਦੂਜੀ ਵਾਰ ਅਜਿਹਾ ਕੀਤਾ ਹੈ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਏਅਰਲਾਈਨਜ਼ ਇੰਦੌਰ ਜਾ ਰਹੇ ਯਾਤਰੀ ਨੂੰ ਨਾਗਪੁਰ ਲੈ ਕੇ ਗਈ ਸੀ। ਇੱਥੇ ਯਾਤਰੀ ਦੀ ਸ਼ਿਕਾਇਤ ਤੋਂ ਬਾਅਦ ਡੀਜੀਸੀਏ ਨੇ ਏਅਰਲਾਈਨ ਕੰਪਨੀ ਤੋਂ ਜਵਾਬ ਮੰਗਿਆ ਹੈ ਕਿ ਬੋਰਡਿੰਗ ਤੋਂ ਪਹਿਲਾਂ ਨਿਯਮਾਂ ਅਨੁਸਾਰ ਬੋਰਡਿੰਗ ਪਾਸ ਨੂੰ ਦੋ ਪੁਆਇੰਟਾਂ 'ਤੇ ਚੈੱਕ ਕੀਤਾ ਜਾਂਦਾ ਹੈ, ਤਾਂ ਉਹ ਗਲਤ ਫਲਾਈਟ 'ਤੇ ਕਿਵੇਂ ਚੜ੍ਹਿਆ?
ਡੀਜੀਸੀਏ ਅਧਿਕਾਰੀ ਨੇ ਦੱਸਿਆ- ਯਾਤਰੀ ਦਾ ਨਾਮ ਅਫਸਰ ਹੁਸੈਨ ਹੈ। ਹੁਸੈਨ ਨੇ ਪਟਨਾ ਲਈ ਇੰਡੀਗੋ ਦੀ ਫਲਾਈਟ 6E-214 ਦੀ ਟਿਕਟ ਬੁੱਕ ਕੀਤੀ ਸੀ। 30 ਜਨਵਰੀ 2023 ਨੂੰ ਹੁਸੈਨ ਆਪਣੀ ਉਡਾਣ ਲਈ ਸਮੇਂ 'ਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਿਆ ਪਰ ਗਲਤੀ ਨਾਲ ਫਲਾਈਟ ਨੰਬਰ 6E-319 'ਤੇ ਚੜ੍ਹ ਗਿਆ, ਜੋ ਉਦੈਪੁਰ ਜਾ ਰਹੀ ਸੀ। ਜਦੋਂ ਯਾਤਰੀ ਉਦੈਪੁਰ ਪਹੁੰਚਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਇਸ ਤੋਂ ਬਾਅਦ ਹੁਸੈਨ ਨੇ ਉਦੈਪੁਰ ਹਵਾਈ ਅੱਡੇ 'ਤੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ। ਫਿਰ ਏਅਰਲਾਈਨ ਨੇ ਉਸੇ ਦਿਨ ਯਾਤਰੀ ਨੂੰ ਫਲਾਈਟ ਰਾਹੀਂ ਦਿੱਲੀ ਵਾਪਸ ਲਿਆਂਦਾ। ਦਿੱਲੀ 'ਚ ਇਕ ਦਿਨ ਠਹਿਰਨ ਤੋਂ ਬਾਅਦ ਉਹਨਾਂ ਨੂੰ 31 ਜਨਵਰੀ ਨੂੰ ਫਲਾਈਟ ਰਾਹੀਂ ਪਟਨਾ ਭੇਜ ਦਿੱਤਾ ਗਿਆ।
ਡੀਜੀਸੀਏ ਦੇ ਇਕ ਅਧਿਕਾਰੀ ਨੇ ਦੱਸਿਆ - ਸਾਨੂੰ ਯਾਤਰੀ ਤੋਂ ਸ਼ਿਕਾਇਤ ਮਿਲੀ ਹੈ। ਬੋਰਡਿੰਗ ਤੋਂ ਪਹਿਲਾਂ ਨਿਯਮਾਂ ਅਨੁਸਾਰ ਬੋਰਡਿੰਗ ਪਾਸ ਨੂੰ ਦੋ ਪੁਆਇੰਟਾਂ 'ਤੇ ਚੈੱਕ ਕੀਤਾ ਜਾਂਦਾ ਹੈ, ਤਾਂ ਉਹ ਗਲਤ ਫਲਾਈਟ 'ਤੇ ਕਿਵੇਂ ਚੜ੍ਹਿਆ? ਜਾਂਚ ਤੋਂ ਪਤਾ ਲੱਗੇਗਾ ਕਿ ਯਾਤਰੀ ਦੇ ਬੋਰਡਿੰਗ ਪਾਸ ਨੂੰ ਸਹੀ ਢੰਗ ਨਾਲ ਸਕੈਨ ਕਿਉਂ ਨਹੀਂ ਕੀਤਾ ਗਿਆ। ਅਸੀਂ ਇਸ ਮਾਮਲੇ ਵਿਚ ਕੰਪਨੀ ਤੋਂ ਰਿਪੋਰਟ ਮੰਗੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇੰਡੀਗੋ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ 'ਤੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ- ਅਸੀਂ 6E-319 ਦਿੱਲੀ-ਉਦੈਪੁਰ ਫਲਾਈਟ 'ਚ ਇਕ ਯਾਤਰੀ ਨਾਲ ਵਾਪਰੀ ਘਟਨਾ ਤੋਂ ਜਾਣੂ ਹਾਂ। ਅਸੀਂ ਇਸ ਮਾਮਲੇ ਵਿਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।