ਹਿਮਾਚਲ ਪ੍ਰਦੇਸ਼ : ਬਰਫਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
ਸਪੀਤੀ ਵਾਦੀ ’ਚ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਸਪੀਤੀ ਵਾਦੀ ’ਚ ਫਸੇ 81 ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਭਾਰੀ ਬਰਫਬਾਰੀ ਕਾਰਨ ਸੜਕਾਂ ਬੰਦ ਹੋਣ ਤੋਂ ਬਾਅਦ ਸੈਲਾਨੀ ਫਸੇ ਹੋਏ ਸਨ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਮੁਤਾਬਕ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਬਰਫਬਾਰੀ ਕਾਰਨ ਸੂਬੇ ’ਚ ਕਈ ਥਾਵਾਂ ’ਤੇ ਬਰਫ ਖਿਸਕਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੋਮਵਾਰ ਨੂੰ ਪੰਜ ਨੈਸ਼ਨਲ ਹਾਈਵੇ ਸਮੇਤ 650 ਤੋਂ ਵੱਧ ਸੜਕਾਂ ਗੱਡੀਆਂ ਦੀ ਆਵਾਜਾਈ ਲਈ ਬੰਦ ਰਹੀਆਂ।
ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਲਾਹੌਲ-ਸਪੀਤੀ ਜ਼ਿਲ੍ਹੇ ਦੀ ਸਪੀਤੀ ਵਾਦੀ ’ਚ ਫਸੇ 81 ਸੈਲਾਨੀਆਂ ਨੂੰ ਐਤਵਾਰ ਰਾਤ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਅਤੇ ਵੱਖ-ਵੱਖ ਹੋਟਲਾਂ ਅਤੇ ਹੋਮਸਟੇ ’ਚ ਰੱਖਿਆ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਕਬਾਇਲੀ ਬਹੁਗਿਣਤੀ ਜ਼ਿਲ੍ਹੇ ’ਚ ਕਰੀਬ 290 ਸੜਕਾਂ ਬੰਦ ਹਨ ਤੇ ਕਈ ਇਲਾਕਿਆਂ ’ਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਨਹੀਂ ਹੈ। ਲਾਹੌਲ-ਸਪੀਤੀ ’ਚ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਮੋਬਾਈਲ ਨੈੱਟਵਰਕ ਵੀ ਪ੍ਰਭਾਵਤ ਹੋਇਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਲਾਹੌਲ-ਸਪੀਤੀ ਦੇ ਜਸਰਤ ਪਿੰਡ ਨੇੜੇ ਐਤਵਾਰ ਨੂੰ ਬਰਫ ਖਿਸਕਣ ਨਾਲ ਦਾਰਾ ਝਰਨਾ ਪ੍ਰਭਾਵਤ ਹੋਇਆ, ਜਿਸ ਨਾਲ ਚਿਨਾਬ ਨਦੀ ਦਾ ਵਹਾਅ ਪ੍ਰਭਾਵਤ ਹੋਇਆ ਅਤੇ ਆਸ ਪਾਸ ਦੇ ਇਲਾਕੇ ’ਚ ਅਲਰਟ ਜਾਰੀ ਕਰ ਦਿਤਾ ਗਿਆ। ਉਨ੍ਹਾਂ ਨੇ ਜੋਬਰੰਗ, ਰਾਪੀ, ਜਸਰਤ, ਤਰੰਡ ਅਤੇ ਥੋਰੋਟ ਦੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣ ਅਤੇ ਐਮਰਜੈਂਸੀ ਦੀ ਸਥਿਤੀ ’ਚ ਨੇੜਲੀ ਪੁਲਿਸ ਚੌਕੀ ਨੂੰ ਸੂਚਿਤ ਕਰਨ ਦੀ ਸਲਾਹ ਦਿਤੀ ਹੈ। ਇਸ ਦੌਰਾਨ ਸੂਬੇ ਭਰ ’ਚ ਠੰਢ ਦਾ ਕਹਿਰ ਜਾਰੀ ਹੈ।