ਭਾਜਪਾ ਨੇਤਾ ਦੇ ਘਰੋਂ ਮਿਲਿਆ ਹਥਿਆਰਾਂ ਦਾ ਜਖ਼ੀਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਭਾਜਪਾ ਨੇਤਾਵਾਂ ਦੀਆਂ ਚੋਣ ਕਮਿਸ਼ਨ ਦੇ ਆਦੇਸ਼ ਨੂੰ ਛਿੱਕੇ ਟੰਗਣ ਵਾਲੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

BJP

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚਲਦਿਆਂ ਦੇਸ਼ ਵਿਚ ਭਾਵੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਪਰ ਇਸ ਦੌਰਾਨ ਕਈ ਭਾਜਪਾ ਨੇਤਾਵਾਂ ਦੀਆਂ ਚੋਣ ਕਮਿਸ਼ਨ ਦੇ ਆਦੇਸ਼ ਨੂੰ ਛਿੱਕੇ ਟੰਗਣ ਵਾਲੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਮੱਧ ਪ੍ਰਦੇਸ਼ ਪੁਲਿਸ ਨੇ ਇਕ ਭਾਜਪਾ ਨੇਤਾ ਸੰਜੇ ਯਾਦਵ ਦੇ ਘਰ ਤੋਂ ਵੱਡੀ ਗਿਣਤੀ ਵਿਚ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।

ਪੁਲਿਸ ਮੁਤਾਬਕ ਬਡਵਾਨੀ ਪੁਲਿਸ ਟੀਮ ਨੇ ਸੇਂਧਵਾ ਕਸਬੇ ਵਿਚ ਸੰਜੇ ਯਾਦਵ ਦੇ ਘਰ ਛਾਪੇਮਾਰੀ ਕਰਕੇ 13 ਪਿਸਤੌਲ, 17 ਦੇਸੀ ਬੰਬ ਅਤੇ 116 ਜਿੰਦਾ ਕਾਰਤੂਸ ਜ਼ਬਤ ਕੀਤੇ ਗਏ। ਪੁਲਿਸ ਨੇ ਮੁਲਜ਼ਮ ਸੰਜੇ ਯਾਦਵ ਅਤੇ ਇਕ ਹੋਰ ਮੁਲਜ਼ਮ ਗੋਪਾਲ ਜੋਸ਼ੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਫ਼ਰਾਰ ਦੱਸੇ ਜਾ ਰਹੇ ਹਨ।

ਪੁਲਿਸ ਮੁਤਾਬਕ ਸੰਜੇ ਯਾਦਵ ਵਿਰੁਧ ਪਹਿਲਾਂ ਵੀ ਵੱਖ-ਵੱਖ ਧਾਰਵਾਂ ਤਹਿਤ 47 ਅਪਰਾਧਿਕ ਮਾਮਲੇ ਦਰਜ ਨੇ ਅਤੇ ਜੋਸ਼ੀ ਵਿਰੁਧ ਵੀ 30 ਤੋਂ ਜ਼ਿਆਦਾ ਕੇਸ ਦਰਜ ਹਨ। ਸੰਜੇ ਯਾਦਵ ਬਡਵਾਨੀ ਜ਼ਿਲ੍ਹਾ ਅਦਾਲਤ ਵਿਚ ਹੋਏ ਬਹੁਚਰਿਚਤ ਗੋਲੀ ਕਾਂਡ ਮਾਮਲੇ ਵਿਚ ਮੁਲਜ਼ਮ ਹੈ ਅਤੇ ਪੁਲਿਸ ਉਸ ਦੀ ਭਾਲ ਵਿਚ ਜੁਟੀ ਹੋਈ ਹੈ।

ਦੱਸ ਦਈਏ ਕਿ ਸੰਜੇ ਯਾਦਵ ਭਾਜਪਾ ਨੇਤਾ ਹਨ ਅਤੇ ਉਸ ਦੀ ਮਾਂ ਬਸੰਤੀ ਯਾਦਵ ਸੇਂਧਵਾ ਨਗਰ ਪਾਲਿਕਾ ਦੀ ਪ੍ਰਧਾਨ ਹੈ। ਬਸੰਤੀ ਯਾਦਵ ਨੂੰ ਪਿਛਲੇ ਸਾਲ ਹੋਈਆਂ ਨਗਰ ਪਾਲਿਕਾ ਚੋਣਾਂ ਵਿਚ ਭਾਜਪਾ ਨੇ ਟਿਕਟ ਦਿਤਾ ਸੀ। ਜਿਸ ਤੋਂ ਬਾਅਦ ਵਿਰੋਧੀ ਕਾਂਗਰਸ ਦੇ ਉਮੀਦਵਾਰ ਸਮੇਤ 6 ਉਮੀਦਵਾਰਾਂ ਨੇ ਇਕ-ਇਕ ਕਰਕੇ ਮੈਦਾਨ ਛੱਡ ਦਿਤਾ ਸੀ।