ਨਾਮਜ਼ਦਗੀ ਦੇ 24 ਘੰਟਿਆਂ ਵਿਚ ਉਮੀਦਵਾਰਾਂ ਦੇ ਹਲਫ਼ਨਾਮੇ ਵੈਬਸਾਈਟ 'ਤੇ ਨਹੀਂ ਪਾਏ ਤਾਂ ਹੋਵੇਗੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼ਾਂ

Election Commission

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸਾਰੇ ਰਾਜ ਚੋਣ ਦਫ਼ਤਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਣ ਦੇ 24 ਘੰਟਿਆਂ ਅੰਦਰ ਉਨ੍ਹਾਂ ਦੇ ਹਲਫ਼ਨਾਮੇ ਅਤੇ ਹੋਰ ਦਸਤਾਵੇਜ਼ 'ਆਨਲਾਈਨ ਅਪਲੋਡ' ਕਰਨ ਨੂੰ ਕਿਹਾ ਹੈ। ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਇਸ ਦਾ ਪਾਲਣ ਨਾ ਹੋਣ 'ਤੇ  ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਮਿਸ਼ਨ ਨੇ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓ) ਨੂੰ ਜਾਰੀ  ਨਿਰਦੇਸ਼ਾਂ ਵਿਚ ਕਿਹਾ ਹੈ ਕਿ ਹਰ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਦਾਖ਼ਲ ਹੋਣ ਮਗਰੋਂ ਚੋਣ ਅਧਿਕਾਰੀ ਨੂੰ ਉਸ ਦੇ ਹਲਫ਼ਨਾਮੇ ਸਣੇ ਹੋਰ ਦਸਤਾਵੇਜ਼ ਵੈਬਸਾਈਟ 'ਤੇ ਅਪਲੋਡ ਕਰਨੇ ਪੈਣਗੇ।

ਕਮਿਸ਼ਨ ਨੇ ਸਪੱਸ਼ਟ ਨਿਰਦੇਸ਼ ਦਿਤਾ ਹੈ ਕਿ ਹਲਫ਼ਨਾਮੇ ਅਪਲੋਡ ਕਰਵਾਉਣ ਵਿਚ 24 ਘੰਟੇ ਤੋਂ ਜ਼ਿਆਦਾ ਦੇਰੀ ਨਹੀਂ ਹੋਣੀ ਚਾਹੀਦੀ। ਕਮਿਸ਼ਨ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਸਿਆ ਕਿ ਉਮੀਦਵਾਰਾਂ ਲਈ ਸ਼ੁਰੂ ਕੀਤੇ ਗਏ 'ਸੁਵੀਧਾ ਐਪਲੀਕੇਸ਼ਨ' ਰਾਹੀਂ ਹਲਫ਼ਨਾਮੇ ਸਣੇ ਨਾਮਜ਼ਦਗੀ ਸਬੰਧੀ ਹੋਰ ਦਸਤਾਵੇਜ਼ ਜਨਤਕ ਕਰਨ ਦੀ ਨਵੀਂ ਵਿਵਸਥਾ ਲਾਗੂ ਕੀਤੀ ਹੈ। ਇਸ ਦਾ ਮਕਸਦ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਦੇ ਹੋਏ ਉਮੀਦਵਾਰਾਂ ਦੇ ਹਲਫ਼ਨਾਮੇ ਵੈਬਸਾਈਟ ਰਾਹੀਂ ਜਨਤਕ ਕਰਨ ਦੀ ਪ੍ਰਕਿਰਿਆ ਵਿਚ ਹੋਣ ਵਾਲੀ ਦੇਰੀ ਤੋਂ ਬਚਣਾ ਹੈ। 

ਕਮਿਸ਼ਨ ਦੀ ਸੂਚਨਾ ਤਕਨਾਲਜੀ ਇਕਾਈ ਦੇ ਨਿਰਦੇਸ਼ਕ ਡਾ. ਕੁਸ਼ਲ ਪਾਠਕ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਸੁਵੀਧਾ ਐਪਲੀਕੇਸ਼ਨ ਨੂੰ ਰਾਜ ਚੋਣ ਦਫ਼ਤਰਾਂ ਅਤੇ ਕਮਿਸ਼ਨ ਦੀ ਵੈਬਸਾਈਟ ਨਾਲ ਜੋੜਿਆ ਹੈ। ਜਿਸ ਨਾਲ ਕਿਸੇ ਵੀ ਲੋਕ ਸਭਾ ਖੇਤਰ ਦੇ ਉਮੀਦਵਾਰ ਦੇ ਦਸਤਾਵੇਜ਼ਾਂ ਨੂੰ ਸੁਵੀਧਾ ਐਪਲੀਕੇਸ਼ਨ ਵਲੋਂ ਸਬੰਧਤ ਸੂਬੇ ਦੇ ਚੋਣ ਦਫ਼ਤਰ ਅਤੇ ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਤਤਕਾਲ ਪ੍ਰਭਾਵ ਨਾਲ ਅਪਲੋਡ ਕੀਤਾ ਜਾ ਸਕੇਗਾ। (ਪੀਟੀਆਈ)