2014 ਵਾਂਗ 2019 ਦੀਆਂ ਲੋਕ ਸਭਾ ਚੋਣਾਂ ਵੀ ਬਾਦਲਾਂ ਲਈ ਅਸ਼ੁਭ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਤਿਹਾਸਕ ਡਿਉਢੀ ਢਾਹੁਣ ਦਾ ਮਸਲਾ ਸਿੱਖ ਸਿਆਸਤ 'ਚ ਗਰਮਾਇਆ

Parkash Singh Badal & Sukhbir Badal Badal

ਅੰਮ੍ਰਿਤਸਰ : ਗੁਰਦੁਵਾਰਾ ਸ੍ਰੀ ਤਰਨ-ਤਾਰਨ ਸਾਹਿਬ ਦੀ 200 ਸਾਲ ਪੁਰਾਣੀ ਡਿਉਢੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਕਾਰ-ਸੇਵਾ ਵਾਲੇ ਬਾਬਿਆਂ ਵਲੋਂ ਰਾਤ ਸਮੇਂ ਢਾਹੁਣ ਦਾ ਮਸਲਾ ਸਿੱਖ ਸਿਆਸਤ ਵਿਚ ਗਰਮਾ ਗਿਆ ਹੈ, ਜੋ 2014 ਦੀਆਂ ਲੋਕ ਸਭਾ ਚੋਣਾਂ ਵਾਂਗ ਬਾਦਲ ਪ੍ਰਵਾਰ ਲਈ ਅਸ਼ੁਭ ਮੰਨਿਆ ਜਾ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵੀ ਇਸ ਧਾਰਮਕ ਮਸਲੇ 'ਤੇ ਸਿਆਸੀ ਮੁੱਦਾ ਬਾਦਲਾਂ ਵਿਰੁਧ ਭਾਰੂ ਪੈਣ ਦੀ ਸੰਭਾਵਨਾ ਬਣ ਗਈ ਹੈ।

ਸਿੱਖ ਹਲਕਿਆਂ 'ਚ ਹੋਰ ਚਰਚਾ ਛਿੜ ਗਈ ਹੈ ਕਿ ਬਾਦਲ ਪਰਵਾਰ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾਉਣ ਨਾਲ ਹੀ ਸਿੱਖ ਕੌਮ ਨੂੰ ਰਾਹਤ ਮਿਲ ਸਕਦੀ ਹੈ। ਲੋਕ ਚਰਚਾ ਅਨੁਸਾਰ ਵਕਤ ਦੇ ਨਾਲ ਹਰ ਚੀਜ਼ ਉਪਰੋਂ ਹੇਠਾਂ ਡਿਗਦੀ ਹੈ। ਬਾਦਲ ਪਰਵਾਰ ਦੀ ਵੀ ਹੁਣ ਕਿਸਮਤ ਮਾੜੀ ਹੈ। 2014 ਦੀਆਂ ਲੋਕ-ਸਭਾ  ਚੋਣਾਂ ਵਾਂਗ ਇਸ ਵਾਰੀ ਵੀ ਬਾਦਲ ਪਰਵਾਰ ਡਿਉਢੀ ਢਾਹੁਣ ਦੇ ਮਸਲੇ 'ਚ ਬਹੁਤ ਬੁਰੀ ਤਰ੍ਹਾਂ ਫਸ ਗਿਆ ਹੈ। 2014 ਦੀਆਂ ਲੋਕ-ਸਭਾ ਚੋਣਾਂ ਸਮੇਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਸਨ। ਉਨ੍ਹਾਂ ਦਾ ਮੁਕਾਬਲਾ ਕੈਪਟਨ ਅਮਰਿੰਦਰ ਸਿੰਘ ਨਾਲ ਹੋਇਆ ਸੀ। ਉਸ ਸਮੇਂ ਇਕ ਚੋਣ ਰੈਲੀ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਰੁਣ ਜੇਤਲੀ ਦੀ ਉਸਤਤ ਵਿਚ ਗੁਰਬਾਣੀ ਦਾ ਆਸਰਾ ਲਿਆ, ਜੋ ਸਿੱਖੀ ਸਿਧਾਂਤ ਦੇ ਉਲਟ ਸੀ।

ਬਿਕਰਮ ਸਿੰਘ ਮਜੀਠੀਆ 'ਤੇ ਦੋਸ਼ ਬੇਅਦਬੀ ਦੇ ਲੱਗਣ ਨਾਲ ਉਸ ਸਮੇਂ ਪੰਥਕ ਸਿਆਸਤ ਵਿਚ ਭੂਚਾਲ ਆ ਗਿਆ। ਬਿਕਰਮ ਸਿੰਘ ਮਜੀਠੀਆ ਨੂੰ ਅਰੁਣ ਜੇਤਲੀ ਦੀਆਂ ਚੋਣ ਰੈਲੀਆਂ ਛੱਡਣੀਆਂ ਪਈਆਂ ਅਤੇ ਉਹ ਤੁਰਤ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਤੇ ਮਾਫ਼ੀ ਮੰਗਣ ਦੇ ਨਾਲ-ਨਾਲ ਤਖ਼ਤਾਂ 'ਤੇ ਜਾ ਕੇ ਉਨ੍ਹਾਂ ਨੂੰ ਜੋੜੇ ਸਾਫ਼ ਕਰਨੇ ਪਏ ਪਰ ਤਦ ਤਕ ਦੇਰ ਹੋ ਚੁਕੀ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਧਾਰਮਕ ਮੁੱਦੇ ਤੇ ਬਾਦਲ ਪਰਵਾਰ ਬਹੁਤ ਬੁਰੀ ਤਰ੍ਹਾਂ ਘਿਰ ਗਿਆ ਜਿਸ ਨਾਲ ਅਰੁਣ ਜੇਤਲੀ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਨਾ ਪਿਆ। ਹੁਣ ਵੀ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਪੰਜਾਬ 'ਚ ਅਕਾਲੀ-ਭਾਜਪਾ ਦਾ ਸਮਝੌਤਾ ਹੈ। 

ਬਾਦਲ ਪਰਵਾਰ ਪਹਿਲਾਂ ਹੀ ਬੇਅਦਬੀਆਂ, ਪੰਥ 'ਚੋਂ ਛੇਕੇ ਸੌਦਾ ਸਾਧ ਨੂੰ 'ਜਥੇਦਾਰਾਂ' ਰਾਹੀਂ ਦਿਤੀ ਗਈ ਮਾਫ਼ੀ ਅਤੇ ਹੋਰ ਪੰਥਕ ਮਸਲਿਆਂ ਵਿਚ ਘਿਰਿਆ ਹੈ। ਹੁਣ ਚੋਣਾਂ ਦੌਰਾਨ ਹੀ ਤਰਨ-ਤਾਰਨ ਸਾਹਿਬ ਦੀ ਡਿਉਢੀ ਚੋਰਾਂ ਵਾਂਗ ਚੁੱਪ-ਚੁਪੀਤੇ ਰਾਤ ਸਮੇਂ ਢਾਹੁਣ ਨਾਲ ਸਮੁੱਚੀ ਜ਼ੁੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੇ ਸਬੰਧਤ ਅਹੁਦੇਦਾਰਾਂ 'ਤੇ ਆ ਗਈ ਹੈ, ਜੋ ਬਾਦਲ ਪਰਵਾਰ ਦੇ ਹੁਕਮਾਂ ਅਨੁਸਾਰ ਸਿਆਸੀ ਧਾਰਮਕ ਕੰਮ ਕਰਦੇ ਹਨ। ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਤੇ ਖ਼ਾਸ ਕਰ ਕੇ ਸਿੱਖਾਂ ਕੋਲ ਬੜਾ ਵੱਡਾ ਮੁੱਦਾ ਆ ਗਿਆ ਹੈ ਜਿਸ ਦਾ ਅਸਰ ਸਮੁੱਚੇ ਪੰਜਾਬ ਵਿਚ ਪੈਣ ਦੀ ਸੰਭਾਵਨਾ ਬਣ ਗਈ ਹੈ। ਤਰਨ-ਤਾਰਨ 'ਚ ਬੀਬੀ ਜਗੀਰ ਕੌਰ ਬਾਦਲਾਂ ਵਲੋਂ ਉਮੀਦਵਾਰ ਹੈ। ਤਰਨ-ਤਾਰਨ ਪੰਥਕ ਹਲਕੇ ਵਜੋਂ ਜਾਣਿਆ ਜਾਂਦਾ ਹੈ।

ਆਉਣ ਵਾਲੇ ਦਿਨਾਂ 'ਚ ਪੰਥਕ ਆਗੂ ਇਸ ਮੁੱਦੇ ਨੂੰ ਹਰ ਸਟੇਜ 'ਤੇ ਬਾਦਲਾਂ ਵਿਰੁਧ ਵਰਤਣ ਨੂੰ ਤਰਜੀਹ ਦੇਣਗੇ। ਹੋਰ ਸਿੱਖ ਹਲਕਿਆਂ 'ਚ ਚਰਚਾ ਹੈ ਕਿ ਬਾਦਲ ਪਰਵਾਰ ਗ਼ਲਤੀਆਂ 'ਤੇ ਗ਼ਲਤੀਆਂ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਛੋਟੇ-ਵੱਡੇ ਅਧਿਕਾਰੀਆਂ ਤੇ ਉਪਰੋਂ ਆਏ ਫ਼ੈਸਲੇ ਠੋਸੇ ਜਾਂਦੇ ਹਨ। ਸਿੱਖਾਂ ਵਿਚ ਪਹਿਲਾ ਗੁੱਸਾ ਅਜੇ ਉਤਰਿਆ ਨਹੀਂ ਸੀ, ਹੁਣ ਸ੍ਰੀ ਤਰਨ-ਤਾਰਨ ਸਾਹਿਬ ਦੀ ਪੁਰਾਤਨ ਡਿਉਢੀ ਢਾਹੁਣ ਨਾਲ ਹੋਰ ਵੱਧ ਗਿਆ ਹੈ।  ਇਸ ਵੇਲੇ ਵਿਰੋਧੀ ਧਿਰ ਨੇ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨੇ 'ਤੇ ਲਿਆ ਹੈ।