ਅਫਸਪਾ ਵਿਰੁਧ 16 ਸਾਲ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮੀਲਾ ਨੂੰ ਪਈਆਂ ਸਨ ਸਿਰਫ਼ 90 ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਹੈ ਅਫਸਪਾ ਐਕਟ, ਕਿਉਂ ਕੀਤਾ ਜਾਂਦਾ ਹੈ ਇਸ ਦਾ ਵਿਰੋਧ?

AFSPA

ਨਵੀਂ ਦਿੱਲੀ: ਬੀਤੇ ਦਿਨੀਂ ਕਾਂਗਰਸ ਵਲੋਂ ਅਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਉਸ ਨੇ ਕਈ ਲੋਕ ਲੁਭਾਵਣੇ ਵਾਅਦਿਆਂ ਦੇ ਨਾਲ ਅਫਸਪਾ ਐਕਟ ਵਿਚ ਸੋਧ ਦਾ ਵੀ ਵਾਅਦਾ ਕੀਤਾ ਹੈ। ਇਹ ਉਹੀ ਐਕਟ ਹੈ, ਜਿਸ ਦੇ ਵਿਰੋਧ ਵਿਚ ਦੁਨੀਆ ਦੀ ਸਭ ਤੋਂ ਲੰਬੀ ਭੁੱਖ ਹੜਤਾਲ ਜਨਮੀ ਸੀ। ਉਹੀ ਭੁੱਖ ਹੜਤਾਲ ਜਿਸ ਨੇ ਇਰੋਮ ਸ਼ਰਮੀਲਾ ਚਾਨੂ ਨੂੰ ਮਨੀਪੁਰ ਦੀ 'ਆਇਰਨ ਲੇਡੀ' ਬਣਾਇਆ।

ਦਰਅਸਲ ਸਾਲ 2000 ਵਿਚ ਮਨੀਪੁਰ ਦੇ ਇੰਫਾਲ ਨੇੜੇ ਮਾਲੋਮ ਪਿੰਡ ਵਿਚ ਫ਼ੌਜੀ ਗੋਲੀਬਾਰੀ ਦੌਰਾਨ 10 ਨਾਗਰਿਕ ਮਾਰੇ ਗਏ ਸਨ। ਜਿਸ ਦੇ ਵਿਰੋਧ ਵਿਚ ਇਰੋਮ ਸ਼ਰਮੀਲਾ ਅਫਸਪਾ ਨਾ ਹਟਾਏ ਜਾਣ ਤਕ ਭੁੱਖ ਹੜਤਾਲ 'ਤੇ ਬੈਠ ਗਈ ਸੀ..ਉਦੋਂ ਉਹ ਮਹਿਜ਼ 28 ਸਾਲਾਂ ਦੀ ਸੀ। ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਪਰ ਭੁੱਖ ਹੜਤਾਲ ਫਿਰ ਵੀ ਜਾਰੀ ਰਹੀ ਜੋ 2016 ਤਕ ਚੱਲੀ। ਇਨ੍ਹਾਂ 16 ਸਾਲਾਂ ਵਿਚ ਇਰੋਮ ਸ਼ਰਮੀਲਾ ਨੂੰ ਨੱਕ ਰਾਹੀਂ ਟਿਊਬ ਲਗਾ ਕੇ ਉਨ੍ਹਾਂ ਦੇ ਸਰੀਰ 'ਚ ਖਾਣਾ ਪਹੁੰਚਾਇਆ ਜਾਂਦਾ ਰਿਹਾ।
 

ਭੁੱਖ ਹੜਤਾਲ ਖ਼ਤਮ ਕਰਨ ਤੋਂ ਬਾਅਦ ਇਰੋਮ ਨੇ ਚੋਣਾਂ ਦਾ ਰਸਤਾ ਚੁਣਿਆ। ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਕਰਾਮ ਇਬੋਬੀ ਸਿੰਘ ਦੇ ਵਿਰੁਧ ਚੋਣ ਮੈਦਾਨ ਵਿਚ ਉਤਰੀ। ਉਸ ਨੂੰ ਯਕੀਨ ਸੀ ਕਿ ਜਿਨ੍ਹਾਂ ਲੋਕਾਂ ਲਈ ਉਸ ਨੇ ਇੰਨੀ ਲੰਬਾ ਸੰਘਰਸ਼ ਲੜਿਆ ਹੈ। ਉਹ ਉਸ ਦੇ ਸੰਘਰਸ਼ ਦੀ ਕਦਰ ਜ਼ਰੂਰ ਪਾਉਣਗੇ ਪਰ ਅਫ਼ਸੋਸ ਕਿ ਇਰੋਮ ਸ਼ਰਮੀਲਾ ਦੇ ਸੰਘਰਸ਼ 'ਤੇ ਸਿਆਸਤ ਹਾਵੀ ਰਹੀ।

ਉਸ ਨੂੰ ਮਹਿਜ਼ 90 ਵੋਟ ਹੀ ਮਿਲੇ ਜਦਕਿ ਉਸ ਤੋਂ ਜ਼ਿਆਦਾ 143 ਵੋਟ ਨੋਟਾ ਨੂੰ ਪੈ ਗਏ ਸਨ। 2017 ਵਿਚ ਇਰੋਮ ਨੇ ਵਿਆਹ ਕਰਵਾ ਲਿਆ ਅਤੇ ਹੁਣ ਉਹ ਬੰਗਲੁਰੂ ਵਿਚ ਰਹਿੰਦੀ ਹੈ। ਆਓ ਹੁਣ ਜਾਣਦੇ ਹਾਂ ਕਿ ਕੀ ਹੈ ਅਫਸਪਾ ਜਿਸ ਨੂੰ ਹਟਾਉਣ ਲਈ ਇਰੋਮ ਸ਼ਰਮੀਲਾ ਨੇ ਇੰਨਾ ਵੱਡਾ ਸੰਘਰਸ਼ ਲੜਿਆ। ਅਫ਼ਸਪਾ ਯਾਨੀ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ। ਇਹ ਐਕਟ 1958 ਵਿਚ ਬਣਿਆ ਸੀ। ਇਹ ਨਾਗਾਲੈਂਡ, ਮਨੀਪੁਰ, ਅਰੁਣਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਲਾਗੂ ਹੈ।

ਇਸ ਦੇ ਤਹਿਤ ਫ਼ੌਜੀ ਜਵਾਨ ਕਿਸੇ ਵੀ ਸ਼ੱਕੀ ਨੂੰ ਬਿਨਾਂ ਵਾਰੰਟ ਗ੍ਰਿਫ਼ਤਾਰ ਕਰ ਸਕਦੇ ਹਨ। ਕਿਸੇ ਦੇ ਵੀ ਘਰ ਦੀ ਤਲਾਸ਼ੀ ਲੈ ਸਕਦੇ ਹਨ। ਇਹ ਐਕਟ ਸ਼ੱਕੀ 'ਤੇ ਗੋਲੀਬਾਰੀ ਕਰਨ ਦਾ ਵੀ ਅਧਿਕਾਰ ਦਿੰਦਾ ਹੈ। ਹਮਲੇ ਦੇ ਸਮੇਂ ਸ਼ੱਕੀ ਦੇ ਘਰ ਜਾਂ ਇਮਾਰਤ ਨੂੰ ਸੁੱਟਣ ਦਾ ਅਧਿਕਾਰ ਵੀ ਇਸ ਐਕਟ ਤਹਿਤ ਸੁਰੱਖਿਆ ਬਲਾਂ ਨੂੰ ਮਿਲਿਆ ਹੋਇਆ ਹੈ।