ਨਾਮਜ਼ਦਗੀ ਲਈ ਉਮੀਦਵਾਰ ਨੇ ਵਿਸ਼ਵ ਬੈਂਕ ਤੋਂ ਲਿਆ 4 ਲੱਖ ਕਰੋੜ ਦਾ ਕਰਜ਼
ਤਾਮਿਲਨਾਡੂ ਦੇ ਪੇਰਮਬੂਰ ਵਿਚ ਵਿਧਾਨ ਸਭਾ ਉਪ ਚੋਣ ਲਈ ਨਾਮਜ਼ਦਗੀ ਦੌਰਾਨ ਇਕ ਉਮੀਦਵਾਰ ਦਾ ਹਲਫ਼ਨਾਮਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ
ਨਵੀਂ ਦਿੱਲੀ: ਤਾਮਿਲਨਾਡੂ ਦੇ ਪੇਰਮਬੂਰ ਵਿਚ ਵਿਧਾਨ ਸਭਾ ਉਪ ਚੋਣ ਲਈ ਨਾਮਜ਼ਦਗੀ ਦੌਰਾਨ ਇਕ ਉਮੀਦਵਾਰ ਦਾ ਹਲਫ਼ਨਾਮਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਆਜ਼ਾਦ ਉਮੀਦਵਾਰ ਜੇ ਮੋਹਨਰਾਜ ਨੇ ਅਪਣੇ ਚੋਣਾਵੀ ਹਲਫ਼ਨਾਮੇ ਵਿਚ ਦਸਿਆ ਹੈ ਕਿ ਉਨ੍ਹਾਂ ਨੇ ਵਰਲਡ ਬੈਂਕ ਤੋਂ 4 ਲੱਖ ਕਰੋੜ ਰੁਪਏ ਦਾ ਲੋਨ ਲਿਆ ਹੋਇਆ ਹੈ।
ਉਮੀਦਵਾਰ ਨੇ ਹਲਫ਼ਨਾਮੇ ਵਿਚ ਅਪਣੇ ਕੋਲ ਇਕ ਲੱਖ 76 ਹਜ਼ਾਰ ਕਰੋੜ ਨਕਦੀ ਹੋਣ ਦੀ ਗੱਲ ਵੀ ਆਖੀ ਹੈ। ਜਦਕਿ ਉਸ ਨੇ ਅਪਣੀ ਪਤਨੀ ਕੋਲ ਸਿਰਫ਼ 20 ਹਜ਼ਾਰ ਰੁਪਏ ਨਕਦੀ ਅਤੇ ਢਾਈ ਲੱਖ ਰੁਪਏ ਦਰਸਾਈ ਹਨ।
ਮੋਹਨਰਾਜ ਦਾ ਕਹਿਣਾ ਹੈ, ''ਮੈਂ ਸਾਲ 2009 ਤੋਂ ਹੀ ਝੂਠੇ ਹਲਫ਼ਨਾਮੇ ਦਾਖ਼ਲ ਰਿਹਾ ਹਾਂ। 2009 ਵਿਚ ਮੈਂ ਲਿਖਿਆ ਸੀ ਕਿ ਮੇਰੇ ਕੋਲ 1977 ਕਰੋੜ ਰੁਪਏ ਹਨ। ਉਦੋਂ ਮੈਂ ਸਾਊਥ ਚੇਨੱਈ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। 2016 ਵਿਚ ਮੈਂ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜੀ ਸੀ ਅਤੇ ਹਲਫ਼ਨਾਮੇ ਵਿਚ ਗ਼ਲਤ ਜਾਣਕਾਰੀ ਦਿਤੀ ਸੀ। ਕੋਈ ਜਾਂਚ ਨਹੀਂ ਹੋਈ। ਜਦੋਂ ਵੱਡੇ-ਵੱਡੇ ਨੇਤਾ ਅਪਣੇ ਐਫੀਡੇਵਿਟ ਵਿਚ ਗ਼ਲਤ ਜਾਣਕਾਰੀ ਦੇ ਸਕਦੇ ਹਨ ਤਾਂ ਮੈਂ ਕਿਉਂ ਨਹੀਂ?''
ਉਧਰ ਉਨ੍ਹਾਂ ਦੀ ਪਤਨੀ ਆਨੰਦੀ ਐਸ ਦਾ ਕਹਿਣਾ ਹੈ ਕਿ ਸਾਡਾ ਮਕਸਦ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਐਫੀਡੇਵਿਟ ਵਿਚ ਨੇਤਾ ਅਪਣੀ ਸੰਪਤੀ ਦੀ ਜੋ ਜਾਣਕਾਰੀ ਦਿੰਦੇ ਹਨ, ਉਸ ਨੂੰ ਉਨ੍ਹਾਂ ਦੀ ਸੰਪਤੀ ਦੀ ਸਹੀ ਜਾਣਕਾਰੀ ਨਹੀਂ ਮੰਨਦਾ ਚਾਹੀਦਾ। ਫਿਲਹਾਲ ਮੋਹਨਰਾਜ ਦਾ ਇਹ ਹਲਫਨਾਮਾ ਕਾਫ਼ੀ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ।