ਕੋਵਿਡ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਦਾਕਾਰ ਰਣਦੀਪ ਹੁੱਡਾ, ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਾਲਸਾ ਏਡ ਦੇ ਸਹਿਯੋਗ ਨਾਲ ਕੋਵਿਡ ਪੀੜਤਾਂ ਨੂੰ ਮੁਹੱਈਆ ਕਰਵਾਉਣਗੇ ਆਕਸੀਜਨ ਕੰਸਨਟ੍ਰੇਟਰ

Randeep Hooda Teams Up With Khalsa Aid To Provide Oxygen Concentrators

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਸ਼ਹੂਰ ਅਦਾਕਾਰ ਰਣਦੀਪ ਹੁੱਡਾ ਕੋਵਿਡ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੇ ਲਈ ਉਹਨਾਂ ਨੇ ਅਪਣੇ ਪ੍ਰਸ਼ੰਸਕਾਂ ਨੂੰ ਵੀ ਪੀੜਤਾਂ ਦੀ ਮਦਦ ਕਰਨ ਲਈ ਵਿਸ਼ੇਸ਼ ਅਪੀਲ ਕੀਤੀ ਹੈ।

ਰਣਦੀਪ ਹੁੱਡਾ ਨੇ ਟਵਿਟਰ ’ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਆਕਸੀਜਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ, ਭਾਰਤ ਨੂੰ ਸਾਹ ਲੈਣ ਵਿਚ ਮਦਦ ਕਰੋ। ਖਾਲਸਾ ਏਡ ਵੱਲੋਂ ਸਿਹਤ ਸਿਸਟਮ ਦਾ ਬੋਝ ਘਟਾਉਣ ਲਈ ਕੰਸਨਟ੍ਰੇਟਰ ਵੰਡੇ ਜਾ ਰਹੇ ਹਨ। ਤੁਸੀਂ ਵੀ ਅੱਗੇ ਆ ਕੇ ਸਹਿਯੋਗ ਦੇ ਸਕਦੇ ਹੋ ਤਾਂ ਕਿ ਕੰਸਨਟ੍ਰੇਟਰ ਉਹਨਾਂ ਤੱਕ ਪਹੁੰਚੇ’।

ਰਣਦੀਪ ਹੁੱਡਾ ਵਲੋਂ ਖ਼ਾਲਸਾ ਏਡ ਦੇ ਸਹਿਯੋਗ ਨਾਲ ਭਾਰਤ ਵਿਚ ਕੋਵਿਡ ਪੀੜਤਾਂ ਨੂੰ ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਜਾਣਗੇ। ਦੱਸ ਦਈਏ ਕਿ ਅਦਾਕਾਰ ਰਣਦੀਪ ਹੁੱਡਾ ਇਸ ਤੋਂ ਪਹਿਲਾਂ ਵੀ ਖ਼ਾਲਸਾ ਏਡ ਦੇ ਕਈ ਮਿਸ਼ਨਾਂ ਵਿਚ ਸੇਵਾ ਨਿਭਾਉਂਦੇ ਨਜ਼ਰ ਆ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਸਪਤਾਲਾਂ ਵਿਚ ਆਕਸੀਜਨ ਦੀ ਭਾਰੀ ਕਮੀ ਸਾਹਮਣੇ ਆ ਰਹੀ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਖ਼ਾਲਸਾ ਏਡ ਵੱਲੋਂ ਮਰੀਜ਼ਾਂ ਨੂੰ ਘਰ-ਘਰ ਜਾ ਕੇ ਆਕਸੀਜਨ ਮਸ਼ੀਨਾਂ ਦੀ ਡਿਲੀਵਰੀ ਕੀਤੀ ਜਾ ਰਹੀ ਹੈ।