ਕੋਰੋਨਾ ਮਰੀਜ਼ਾਂ ਲਈ ਗੁਰਦੁਆਰਾ ਸਾਹਿਬ ਵੱਲੋਂ ਅਨੋਖੀ ਸੇਵਾ, ਮੁਫਤ ਮੁਹੱਈਆ ਕਰਵਾਈ ਜਾ ਰਹੀ ਆਕਸੀਜਨ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ ਵਿਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਲਖਨਊ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਦੇ ਕਈ ਸੂਬਿਆਂ ਵਿਚ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਗਾਜ਼ੀਆਬਾਦ ਦੇ ਇੰਦਰਾਪੁਰਮ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਆਕਸੀਜਨ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਰੰਮੀ ਨੇ ਦੱਸਿਆ ਕਿ ਅਸੀਂ ਸੜਕ 'ਤੇ ਹੀ ਕਾਰ ਵਿਚ ਮੋਬਾਈਲ ਆਕਸੀਜਨ ਮੁਹੱਈਆ ਕਰਵਾ ਰਹੇ ਹਾਂ। ਗੁਰਦੁਆਰਾ ਸਾਹਿਬ ਵੱਲੋਂ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਗਾਜ਼ੀਆਬਾਦ ਦੇ ਡੀਐਮ ਅਤੇ ਵੀਕੇ ਸਿੰਘ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਬੈਕਅਪ ਲਈ ਆਕਸੀਜਨ ਸਿਲੰਡਰ ਉਪਲਬਧ ਕਰਵਾਏ ਜਾਣ। ਉਹਨਾਂ ਕਿਹਾ, ‘ਮੇਰੀ ਗਾਜ਼ੀਆਬਾਦ ਦੇ ਡੀਐਮ ਅਤੇ ਵੀਕੇ ਸਿੰਘ ਨੂੰ ਅਪੀਲ ਹੈ ਕਿ ਸਾਨੂੰ ਬੈਕਅਪ ਲਈ ਆਕਸੀਜਨ ਦੇ 20-25 ਸਿਲੰਡਰ ਉਪਲਬਧ ਕਰਵਾਏ ਜਾਣ। 25 ਸਿਲੰਡਰਾਂ ਨਾਲ ਅਸੀਂ 1000 ਲੋਕਾਂ ਦੀ ਜਾਨ ਬਚਾਵਾਂਗੇ’।