ਅੰਬ ਦੀ ਭਰਪੂਰ ਫ਼ਸਲ ਦੀਆਂ ਉਮੀਦਾਂ ਵੀ ਲੈ ਉਡਿਆ ਹਨੇਰੀ-ਤੂਫ਼ਾਨ
ਯੂਪੀ ਦੇ ਵੱਖ ਵੱਖ ਹਿੱਸਿਆਂ ਵਿਚ ਹਾਲ ਹੀ ਆਇਆ ਹਨੇਰੀ ਤੂਫ਼ਾਨ ਇਸ ਸਾਲ ਅੰਬ ਦੀ ਭਰਪੂਰ ਪੈਦਾਵਾਰ ਹੋਣ ਦੀਆਂ ਉਮੀਦਾਂ ਨੂੰ ਵੀ ਅਪਣੇ ਨਾਲ ਉਡਾ ਕੇ ਲੈ ਗਿਆ।....
ਲਖਨਊ, ਯੂਪੀ ਦੇ ਵੱਖ ਵੱਖ ਹਿੱਸਿਆਂ ਵਿਚ ਹਾਲ ਹੀ ਆਇਆ ਹਨੇਰੀ ਤੂਫ਼ਾਨ ਇਸ ਸਾਲ ਅੰਬ ਦੀ ਭਰਪੂਰ ਪੈਦਾਵਾਰ ਹੋਣ ਦੀਆਂ ਉਮੀਦਾਂ ਨੂੰ ਵੀ ਅਪਣੇ ਨਾਲ ਉਡਾ ਕੇ ਲੈ ਗਿਆ। ਫਲਾਂ ਦਾ ਰਾਜ ਕਿਹਾ ਜਾਂਦਾ ਅੰਬ ਹਨੇਰੀ ਕਾਰਨ ਨਾ ਸਿਰਫ਼ ਮਹਿੰਗਾ ਹੋਇਆ ਹੈ ਸਗੋਂ ਉਸ ਦੀ ਗੁਣਵੱਤਾ 'ਤੇ ਵੀ ਅਸਰ ਪਿਆ ਹੈ। ਇਸ ਸਾਲ ਫ਼ਸਲੀ ਮੌਸਮ ਦੀ ਸ਼ੁਰੂਆਤ ਵਿਚ ਅੰਬ ਦੇ ਦਰੱਖ਼ਤਾਂ 'ਤੇ ਕਾਫ਼ੀ ਬੂਰ ਆਇਆ ਸੀ ਜਿਸ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ ਖਿੜ ਗਏ ਸਨ ਪਰ ਸਾਜ਼ਗਾਰ ਮੌਸਮ ਨਾ ਹੋਣ ਕਾਰਨ ਅੰਬਾਂ ਦੇ ਬੂਰ ਨੂੰ ਬੀਮਾਰੀ ਲੱਗ ਗਈ ਤੇ ਰਹਿੰਦੀ ਕਸਰ ਹਨੇਰੀ-ਤੂਫ਼ਾਨ ਨੇ ਕੱਢ ਦਿਤੀ।
ਮੈਂਗੋ ਗਰੋਅਰਜ਼ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਇੰਸਰਾਮ ਅਲੀ ਨੇ ਦਸਿਆ ਕਿ ਇਸ ਸਾਲ 100 ਫ਼ੀ ਸਦੀ ਬੂਰ ਹੋਣ ਕਾਰਨ ਅੱਬ ਦੀ ਭਰਪੂਰ ਫ਼ਸਲ ਦੀ ਉਮੀਦ ਸੀ ਪਰ ਦਿਨ ਵਿਚ ਗਰਮੀ ਅਤੇ ਰਾਤ ਨੂੰ ਠੰਢਾ ਮੌਸਮ ਹੋਣ ਕਾਰਨ ਅੰਬਾਂ ਨੂੰ 'ਝੁਮਕਾ' ਰੋਗ ਲੱਗ ਗਿਆ ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਰਹਿੰਦੀ ਕਸਰ ਹਨੇਰੀ ਨੇ ਕੱਢ ਦਿਤੀ।
ਹੁਣ ਹਾਲਾਤ ਇਹ ਹਨ ਕਿ 20-25 ਟਨ ਅੰਬ ਪੈਦਾ ਹੋ ਜਾਣ ਤਾਂ ਵੱਡੀ ਗੱਲ ਹੋਵੇਗੀ। ਹਨੇਰੀ ਕਾਰਨ ਭਾਰੀ ਮਾਤਰਾ ਵਿਚ ਕੱਚਾ ਅੰਬ ਟੁੱਟ ਕੇ ਹੇਠਾਂ ਡਿੱਗ ਗਿਆ ਜਿਸ ਕਾਰਨ ਇਸ ਨੂੰ ਕਾਹਲੀ ਵਿਚ ਬਾਜ਼ਾਰ ਵਿਚ ਲਿਆਉਣਾ ਪਿਆ। ਹੁਣ ਤੈਅ ਹੈ ਕਿ ਅੰਬ ਦਾ ਸਵਾਦ ਲੈਣ ਲਈ ਲੋਕਾਂ ਨੂੰ ਅਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ।
ਉਲਟ ਮੌਸਮ ਕਾਰਨ ਅੰਬ ਦੇ ਮਿਆਰ 'ਤੇ ਵੀ ਅਸਰ ਪੈ ਸਕਦਾ ਹੈ। ਅਲੀ ਨੇ ਇਹ ਵੀ ਕਿਹਾ ਕਿ ਮੌਸਮ ਵਿਚ ਬਦਲਾਅ ਕਾਰਨ ਅੰਬ ਦੀ ਫ਼ਸਲ ਨੂੰ ਨਵੇਂ ਨਵੇਂ ਰੋਗ ਲੱਗ ਰਹੇ ਹਨ ਜਿਨ੍ਹਾਂ ਦਾ ਇਲਾਜ ਫ਼ਿਲਹਾਲ ਵਿਗਿਆਨੀਆਂ ਕੋਲ ਨਹੀਂ ਹੈ। ਯੂਪੀ ਦੀ ਅੰਬ ਪੱਟੀ ਰਾਜਧਾਨੀ ਲਖਨਊ ਤੋਂ ਮਲੀਹਾਬਾਦ, ਹਸਨਗੰਜ, ਸ਼ਾਹਾਬਾਦ, ਬਾਰਾਬੰਕੀ, ਸਹਾਰਨਪੁਰ, ਬੁਲੰਦਸ਼ਹਿਰ, ਅਮਰੋਹਾ ਸਮੇਤ ਕਰੀਬ 14 ਇਲਾਕਿਆਂ ਤਕ ਫੈਲੀ ਹੈ। (ਏਜੰਸੀ)