ਨੀਟ ਨਤੀਜੇ 2018 ਬਿਹਾਰ ਦੀ ਕੁੜੀ ਨੇ ਗੱਡੇ ਝੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

99.99 ਨੰਬਰ ਲੈ ਕੇ ਬਿਹਾਰ ਦੀ ਰਹਿਣ ਵਾਲੀ ਕਲਪਨਾ ਕੁਮਾਰੀ ਪਹਿਲੇ ਨੰਬਰ 'ਤੇ...

Topper of NEET Kalpana Kumari

ਨਵੀਂ ਦਿੱਲੀ: ਨੀਟ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਬਿਹਾਰ ਦੀ ਰਹਿਣ ਵਾਲੀ ਕਲਪਨਾ ਕੁਮਾਰੀ ਨੇ 99.99 ਫ਼ੀ ਸਦੀ (691) ਅੰਕ ਹਾਸਲ ਕਰ ਕੇ ਪੂਰੇ ਦੇਸ਼ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਛਲੇ ਮਹੀਨੇ ਛੇ ਮਈ ਨੂੰ ਸੀਬੀਐਸਈ ਵਲੋਂ ਲਈ ਗਈ ਨੀਟ ਦੀ ਪ੍ਰੀਖਿਆ ਵਿਚ ਕੁਲ 13.36 ਲੱਖ ਵਿਦਿਆਰਥੀਆਂ ਨੇ ਪੇਪਰ ਲਈ ਅਪਲਾਈ ਕੀਤਾ ਸੀ ਪਰ ਇਨ੍ਹਾਂ ਵਿਚੋਂ 12.69 ਲੱਖ ਵਿਦਿਆਰਥੀਆਂ ਨੇ ਪੇਪਰ ਦਿਤੇ ਸਨ ਜਿਨ੍ਹਾਂ ਵਿਚ ਲਗਭਗ 7.14 ਲੱਖ ਵਿਦਿਆਰਥੀ ਪਾਸ ਹੋਏ ਹਨ।

ਇਨ੍ਹਾਂ ਨਤੀਜਿਆਂ ਵਿਚ ਤੇਲੰਗਾਨਾ ਦੇ ਰੋਹਨ ਪੁਰੋਹਿਤ ਅਤੇ ਦਿੱਲੀ ਦੇ ਹਿਮਾਂਸ਼ੂ ਸ਼ਰਮਾ ਨੇ 690-690 ਅੰਕ ਹਾਸਲ ਕਰ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਿੱਲੀ ਦੇ ਆਰੋਸ਼ ਧਮੀਜਾ ਅਤੇ ਰਾਜਸਥਾਨ ਦੇ ਪ੍ਰਿੰਸ ਚੌਧਰੀ ਨੇ 686-686 ਅੰਕ ਹਾਸਲ ਕਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਪਾਸ ਹੋਣ ਵਾਲੇ ਵਿਦਿਆਰਥੀਆਂ ਵਿਚੋਂ ਸੱਭ ਵੱਧ ਗਿਣਤੀ ਉਤਰ ਪ੍ਰਦੇਸ਼ ਦੇ ਵਿਦਿਆਰਥੀਆਂ ਦੀ ਹੈ ਜਿਥੇ 76,778 ਵਿਦਿਆਰਥੀ ਪਾਸ ਹੋਏ।

ਇਸ ਤੋਂ ਬਾਅਦ ਦੂਜੇ ਅਤੇ ਤੀਜੇ ਨੰਬਰ 'ਤੇ ਕੇਰਲਾ ਅਤੇ ਮਹਾਰਾਸ਼ਟਰ ਦਾ ਸਥਾਨ ਆਉਂਦਾ ਹੈ ਜਿਥੇ ਕ੍ਰਮਵਾਰ 72,000 ਅਤੇ 70,000 ਵਿਦਿਆਰਥੀ ਪਾਸ ਹੋਏ। ਸੀਬੀਐਸਈ ਨੇ 136 ਸ਼ਹਿਰਾਂ ਵਿਚ ਅਤੇ 11 ਭਾਸ਼ਾਵਾਂ ਵਿਚ ਪੇਪਰ ਲਏ ਸਨ। ਨੀਟ ਪੇਪਰ ਐਮਬੀਬੀਐਸ ਅਤੇ ਬੀਡੀਐਸ ਕੋਰਸਾਂ ਵਿਚ ਦਾਖ਼ਲ ਲੈਣ ਲਈ ਪੇਪਰ ਹੁੰਦੇ ਹਨ।   (ਏਜੰਸੀ)