13 ਜਵਾਨਾਂ ਸਮੇਤ ਉੱਡਿਆ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਲਾਪਤਾ  

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ ਦਾ ਇੱਕ ਜਹਾਜ਼ AN-32, ਜਿਸ ਵਿੱਚ 13 ਜਣੇ ਸਵਾਰ ਹਨ, ਹਾਲੇ ਤੱਕ ਲਾਪਤਾ ਹੈ....

IAF Aircraft

ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦਾ ਇੱਕ ਜਹਾਜ਼ AN-32, ਜਿਸ ਵਿੱਚ 13 ਜਣੇ ਸਵਾਰ ਹਨ, ਹਾਲੇ ਤੱਕ ਲਾਪਤਾ ਹੈ। C-130J ਅਤੇ ਥਲ ਸੈਨਾ ਦੀਆਂ ਗਸ਼ਤੀ ਟੁਕੜੀਆਂ ਵੱਡੇ ਪੱਧਰ ਉੱਤੇ ਉਸ ਦੀ ਭਾਲ਼ ਵਿੱਚ ਲੱਗੀਆਂ ਹੋਈਆਂ ਹਨ। ਇਸ ਹਵਾਈ ਜਹਾਜ਼ ਨੇ ਆਸਾਮ ਤੋਂ ਉਡਾਣ ਭਰੀ ਸੀ ਤੇ ਇਹ ਅਰੁਣਾਚਲ ਪ੍ਰਦੇਸ਼ ’ਚ ਕਿਤੇ ਲਾਪਤਾ ਹੋ ਗਿਆ ਸੀ। ਹਵਾਈ ਫ਼ੌਜ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਫ਼ੌਜ ਤੇ ਹੋਰ ਸਥਾਨਕ ਏਜੰਸੀਆਂ ਨਾਲ ਮਿਲ ਕੇ ਸਾਰੀ ਰਾਤ ਤਲਾਸ਼ੀ ਮੁਹਿੰਮ ਚਲਾਈ ਗਈ।

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫ਼ੌਜ ਦੇ ਉੱਪ-ਮੁਖੀ ਨਾਲ ਗੱਲਬਾਤ ਕਰ ਕੇ ਖੋਜ ਮੁਹਿੰਮ ਬਾਰੇ ਜਾਣਕਾਰੀ ਲਈ। ਕੱਲ੍ਹ ਉਨ੍ਹਾਂ ਟਵੀਟ ਕੀਤਾ ਸੀ ਕਿ ਕੁਝ ਘੰਟਿਆਂ ਤੋਂ ਲਾਪਤਾ ਹਵਾਈ ਫ਼ੌਜ ਦੇ AN-32 ਹਵਾਈ ਜਹਾਜ਼ ਬਾਰੇ ਹਵਾਈ ਫ਼ੌਜ ਦੇ ਉੱਪ-ਮੁਖੀ ਏਅਰ ਮਾਰਸ਼ਲ ਰਾਕੇਸ਼ ਭਦੌਰੀਆ ਨਾਲ ਗੱਲ ਕੀਤੀ। ਹਵਾਈ ਫ਼ੌਜ ਦੇ ਅਧਿਕਾਰੀ ਨੇ ਮੰਤਰੀ ਨੂੰ ਲਾਪਤਾ ਹਵਾਈ ਜਹਾਜ਼ ਦਾ ਪਤਾ ਲਾਉਣ ਲਈ ਹਵਾਈ ਫ਼ੌਜ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ।

ਸ੍ਰੀ ਰਾਜਨਾਥ ਸਿੰਘ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਉਹ ਸਾਰੇ ਯਾਤਰੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦੇ ਹਨ। ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਚਾਰ ਦਿਨਾ ਯਾਤਰਾ ਉੱਤੇ ਸਵੀਡਨ ਗਏ ਹੋਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਵਾਈ ਜਹਾਜ਼ ਦਾ ਪਤਾ ਲਾਉਣ ਲਈ ਭਾਰਤੀ ਹਵਾਈ ਫ਼ੌਜ ਦੇ ਸਾਰੇ ਉਪਲਬਧ ਵਸੀਲੇ ਕੰਮ ਵਿੱਚ ਲਾ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੇਚੂਕਾ ਐਡਵਾਂਸਡ ਲੈਂਡਿੰਗ ਗ੍ਰਾਊਂਡ ਚੀਨ ਦੀ ਸਰਹੱਦ ਤੋਂ ਜ਼ਿਆਦਾ ਦੂਰ ਨਹੀਂ ਹੈ।