13 ਲੋਕਾਂ ਸਮੇਤ ਭਾਰਤੀ ਹਵਾਈ ਫੌਜ ਦਾ AN-32 ਜਹਾਜ਼ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫੌਜ ਦਾ ਟ੍ਰਾਂਸਪੋਰਟ ਜਹਾਜ਼ AN-32 ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

IAF Aircraft Missing

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਟ੍ਰਾਂਸਪੋਰਟ ਜਹਾਜ਼ AN-32 ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 1 ਵਜੇ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। AN-32 ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਦੁਪਹਿਰ 12 ਵੱਜ ਕੇ 25 ਮਿੰਟ ‘ਤੇ 8 ਕਰੂ ਮੈਂਬਰਾਂ ਅਤੇ 5 ਯਾਤਰੀਆਂ ਨਾਲ ਉਡਾਨ ਭਰੀ ਸੀ।

ਲਾਪਤਾ ਜਹਾਜ਼ ਦੀ ਤਲਾਸ਼ ਜਾਰੀ ਹੈ। ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ‘ਤੇ ਪਹੁੰਚਣਾ ਸੀ। ਲੈਂਡਿੰਗ ਗਰਾਊਂਡ ਚੀਨ ਸਰਹੱਦ ਦੇ ਕਾਫ਼ੀ ਕਰੀਬ ਹੈ। ਹਵਾਈ ਫੌਜ ਨੇ ਜਹਾਜ਼ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਇਲਾਕਾ ਪਹਾੜੀ ਅਤੇ ਮੁਸ਼ਕਿਲ ਭਰਿਆ ਹੈ। ਮੌਸਮ ਖਰਾਬ ਹੋਣ ਕਾਰਨ ਬਚਾਅ ਮੁਹਿੰਮ ਵਿਚ ਕਾਫ਼ੀ ਮੁਸ਼ਕਿਲ ਆ ਰਹੀ ਹੈ।

ਦੱਸ ਦਈਏ ਕਿ AN-32 ਜਹਾਜ਼ ਰੂਸ ਵੱਲੋਂ ਡਿਜ਼ਾਇਨ ਕੀਤਾ ਇੰਜਣ ਏਅਰਕ੍ਰਾਫਟ ਹੈ। ਜਿਸ ਦੀ ਵਰਤੋਂ ਭਾਰਤੀ ਹਵਾਈ ਫੌਜ ਵੱਲੋਂ ਬੀਤੇ ਚਾਰ ਦਹਾਕਿਆਂ ਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਲਾਪਤਾ ਜਹਾਜ਼ ਦੀ ਤਲਾਸ਼ ਲਈ ਹਵਾਈ ਫੌਜ ਨੇ ਸੁਖੌਈ-30 ਲੜਾਕੂ ਜਹਾਜ਼ ਅਤੇ C-130 ਸਪੈਸ਼ਲ ਅਪਰੇਸ਼ਨ ਜਹਾਜ਼ ਨੂੰ ਰਵਾਨਾ ਕੀਤਾ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਵਾਈ ਫੌਜ ਦੇ ਉਪ ਮੁਖੀ ਏਅਰ ਮਾਰਸ਼ਲ ਰਾਕੇਸ਼ ਸਿੰਘ ਭਦੌਰਿਆ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਹੈ। ਰੱਖਿਆ ਮੰਤਰੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਉਹ ਜਹਾਜ਼ ਵਿਚ ਸਵਾਰ ਲੋਕਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਦੇ ਹਨ।