ਮੋਦੀ ਦੀ ਤਾਰੀਫ ਕਰਨ 'ਤੇ ਕਾਂਗਰਸ ਦੇ ਸਾਬਕਾ ਵਿਧਾਇਕ ਬਰਖ਼ਾਸਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਏਪੀ ਅਬਦੁੱਲਾਕੁਟੀ ਨੇ ਪ੍ਰਧਾਨ ਮੰਤਰੀ ਦੀ ਜਿੱਤ ਦੀ ਕੀਤੀ ਤਾਰੀਫ

Kerala Congress expelled EX MLA AP Abdullakutty for praising Modi

ਤਿਰੂਵਨੰਤਪੁਰਮ: ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਲੀਡਰਸ਼ਿਪ ਵਾਲੀ ਐਨਡੀਏ ਦੀ ਸ਼ਾਨਦਾਰ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਰੀਫ ਕਰਨ ਵਾਲੇ ਕੇਰਲ ਦੇ ਕਾਂਗਰਸ ਆਗੂ ਏਪੀ ਅਬਦੁੱਲਾਕੁਟੀ ਨੂੰ ਪਾਰਟੀ ਨੇ ਸੋਮਵਾਰ ਨੂੰ ਤਤਕਾਲ ਬਰਖ਼ਾਸਤ ਕਰ ਦਿੱਤਾ ਹੈ। ਅਬਦੁੱਲਾਕੁਟੀ ਨੇ ਕੁਝ ਦਿਨ ਪਹਿਲਾਂ ਫੇਸਬੁੱਕ ਪੋਸਟ ਵਿਚ ਲਿਖਿਆ ਸੀ ਕਿ ਐਨਡੀਏ ਦੀ ਜਿੱਤ ਮੋਦੀ ਦੇ ਵਿਕਾਸ ਦੇ ਏਜੰਡੇ ਦੀ ਸਵੀਕਾਰਤਾ ਦਿਖਾਉਂਦੀ ਹੈ ਅਤੇ ਉਹਨਾਂ ਦੀ ਸਫਲਤਾ ਦਾ ਰਾਜ ਹੈ ਕਿ ਉਹਨਾਂ ਨੇ ਗਾਂਧੀਵਾਦੀ ਮੁੱਲਾਂ ਨੂੰ ਅਪਣਾਇਆ ਹੈ।

ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮੁੱਲਪੱਲੀ ਰਾਮਚੰਦਰਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੋਦੀ ਦੀ ਤਾਰੀਫ ਕਰਨ 'ਤੇ ਅਬਦੁੱਲਾਕੁਟੀ ਤੋਂ ਸਪੱਸ਼ਟੀਕਰਨ ਮੰਗਿਆ ਜਿਸ 'ਤੇ ਉਹਨਾਂ ਨੇ ਹਾਸੋਹੀਣ ਜਵਾਬ ਦਿੱਤਾ। ਕਾਂਗਰਸ ਦੀ ਕੇਰਲ ਇਕਾਈ ਨੇ ਇਕ ਬਿਆਨ ਵਿਚ ਕਿਹਾ ਕਿ ਅਬਦੁੱਲਕੁਟੀ ਨੇ ਪਾਰਟੀ ਦੇ ਹਿੱਤਾਂ ਅਤੇ ਉਹਨਾਂ ਦੇ ਵਰਕਰਾਂ ਦੀਆਂ ਭਾਵਨਾਵਾਂ ਦੇ ਵਿਰੁਧ ਬਿਆਨ ਦੇ ਕੇ ਪਾਰਟੀ ਦੇ ਵਿਰੁਧ ਕੰਮ ਕੀਤਾ ਹੈ।

ਇਸ ਵਿਚ ਕਿਹਾ ਗਿਆ ਕਿ ਉਹ ਮੀਡੀਆ ਦੇ ਮਾਧਿਅਮ ਨਾਲ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਵਿਰੁਧ ਅਪਮਾਨਜਨਕ ਬਿਆਨ ਦੇ ਰਹੇ ਸਨ ਅਤੇ ਪਾਰਟੀ ਦੇ ਅਨੁਸ਼ਾਸ਼ਨ ਤੋੜ ਰਹੇ ਸਨ। ਰਾਮਚੰਦਰਨ ਨੇ ਕਿਹਾ ਕਿ ਇਹਨਾਂ ਹਾਲਾਤਾਂ ਵਿਚ ਅਬਦੁੱਲਾਕੁਟੀ ਨੂੰ ਤਤਕਾਲ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਹਿਲਾਂ ਦੋ ਵਾਰ ਮਾਕਪਾ ਦੇ ਸਾਂਸਦ ਰਹੇ ਅਬਦੁੱਲਾਕੁਟੀ ਨੂੰ 2009 ਵਿਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿਚ ਮੋਦੀ ਦੀ ਤਾਰੀਫ ਕਰਨ 'ਤੇ ਵੀ ਖੱਬੇ ਪੱਖੀ ਪਾਰਟੀ ਤੋਂ ਹਟਾ ਦਿੱਤਾ ਗਿਆ ਸੀ।

ਬਾਅਦ ਵਿਚ ਉਹ ਕਾਂਗਰਸ ਦੇ ਵਿਧਾਇਕ ਬਣੇ। ਉਹਨਾਂ ਨੇ ਇਸ ਵਾਰ ਮੋਦੀ ਦੀ ਤਾਰੀਫ ਕੀਤੀ 'ਤੇ ਉਹਨਾਂ ਦੇ ਸ਼ਾਸ਼ਨਕਾਲ ਵਿਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਮਿਸ਼ਨ ਅਤੇ ਉਜਵਲਾ ਵਰਗੀਆਂ ਯੋਜਨਾਵਾਂ ਦੀ ਵੀ ਤਾਰੀਫ ਕੀਤੀ। ਕਾਂਗਰਸ ਦੇ ਮੁੱਖ ਪੱਤਰ ਵੀਸ਼ਣਮ ਵਿਚ ਅਬਦੁੱਲਾਕੁਟੀ ਦੀ ਨਿੰਦਾ ਕਰਦੇ ਹੋਏ ਉਹਨਾਂ ਨੂੰ ਪਰਵਾਸੀ ਪੰਛੀ ਕਰਾਰ ਦਿੱਤਾ ਗਿਆ..

...ਅਤੇ ਕਿਹਾ ਗਿਆ ਹੈ ਕਿ ਉਹਨਾਂ ਦਾ ਵਰਤਾਓ ਪੂਰੀ ਤਰ੍ਹਾਂ ਅਸਵੀਕਾਰ ਹੈ। ਅਬਦੁੱਲਾਕੁਟੀ ਨੇ ਅਰੋਪਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਖ਼ਬਾਰ ਨੇ ਉਹਨਾਂ ਦਾ ਪੱਖ ਜਾਣੇ ਬਿਨਾਂ ਹੀ ਪ੍ਰਤੀਕਿਰਿਆ ਦੇ ਦਿੱਤੀ ਹੈ।