ਹੁਣ ਸੀਨੀਅਰ ਡਾਕਟਰ ਨੇ ਆਪਣੀ ਮਹਿੰਗੀ ਕਾਰ 'ਤੇ ਕੀਤਾ ਗੋਬਰ ਦਾ ਲੇਪ, ਵਜ੍ਹਾ ਕਰ ਦੇਵੇਗੀ ਹੈਰਾਨ
ਕੁਝ ਦਿਨ ਪਹਿਲਾਂ ਇੱਕ ਫੋਟੋ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਟੋਇਟਾ ਕੋਰੋਲਾ ਅਲਟੀਸ ਕਾਰ ਨੂੰ ਗਾਂ ਦੇ ਗੋਬਰ ਨਾਲ ਲਿਪਿਆ ਹੋਇਆ ਦਿਖਾਇਆ ਗਿਆ ਸੀ।
ਪੁਣੇ : ਕੁਝ ਦਿਨ ਪਹਿਲਾਂ ਇੱਕ ਫੋਟੋ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਟੋਇਟਾ ਕੋਰੋਲਾ ਅਲਟੀਸ ਕਾਰ ਨੂੰ ਗਾਂ ਦੇ ਗੋਬਰ ਨਾਲ ਲਿਪਿਆ ਹੋਇਆ ਦਿਖਾਇਆ ਗਿਆ ਸੀ। ਬਾਅਦ ਵਿੱਚ ਖੁਲਾਸਾ ਹੋਇਆ ਸੀ ਕਿ ਇਹ ਕਾਰ ਅਹਿਮਦਾਬਾਦ ਦੇ ਸੇਜਲ ਸ਼ਾਹ ਦੀ ਸੀ। ਬਾਅਦ ਵਿੱਚ ਉਨ੍ਹਾਂ ਨੇ ਇੱਕ ਵੀਡੀਆ ਜਾਰੀ ਕਰਕੇ ਦੱਸਿਆ ਕਿ ਕਾਰ ਉੱਤੇ ਗੋਬਰ ਲਗਾਉਣ ਦੀ ਕੀ ਅਸਲ ਵਜ੍ਹਾ ਸੀ। ਉਥੇ ਹੀ ਹੁਣ ਇਸ ਫੇਹਰਿਸਤ ਵਿੱਚ ਡਾਕਟਰ ਵੀ ਸ਼ਾਮਿਲ ਹੋ ਗਏ ਹਨ।
ਹੁਣ ਪੂਨੇ ਦੇ ਇਕ ਡਾਕਟਰ ਨੇ ਆਪਣੀ ਮਹਿੰਦਰਾ ਐਕਸਯੂਵੀ 500 ਉਤੇ ਗਾਂ ਦਾ ਗੋਬਰ ਲਿੱਪ ਦਿੱਤਾ। ਇਸ ਡਾਕਟਰ ਦਾ ਨਾਮ ਨਵਨਾਥ ਦੁਧਾਲ ਹੈ। ਕਾਰ ਉਤੇ ਗੋਬਰ ਮਲਣ ਦੀ ਜੋ ਵਜ੍ਹਾ ਇਸ ਡਾਕਟਰ ਨੇ ਦੱਸੀ, ਉਹ ਹੈਰਾਨ ਕਰਨ ਵਾਲੀ ਹੈ। ਡਾਕਟਰ ਦਾ ਦਾਅਵਾ ਹੈ ਕਿ ਗੋਬਰ ਮਲਣ ਨਾਲ ਉਸ ਦੀ ਮਹਿੰਗੀ ਕਾਰ ਉਤੇ ਗਰਮੀ ਦਾ ਅਸਰ ਨਹੀਂ ਪਵੇਗਾ। ਉਸ ਨੇ ਏਸੀ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ।
ਡਾਕਟਰ ਦੀ ਕਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਸ ਵਿਚ ਦਿੱਸ ਰਿਹਾ ਹੈ ਕਿ ਕਾਰ ਦੀਆਂ ਲਾਈਟਾਂ ਤੇ ਸ਼ੀਸ਼ੇ ਨੂੰ ਛੱਡ ਕੇ ਬਾਕੀ ਹਿੱਸੇ ਉਤੇ ਗੋਬਰ ਮਲਿਆ ਹੋਇਆ ਹੈ। ਨਵਨਾਥ ਦਾ ਕਹਿਣਾ ਹੈ ਕਿ ਕਾਰ ਉਤੇ ਗੋਬਰ ਦੇ ਤਿੰਨ ਕੋਟ ਲਗਾਏ ਗਏ ਹਨ ਤੇ ਇਹ ਇਕ ਮਹੀਨੇ ਤੱਕ ਇਸੇ ਤਰ੍ਹਾਂ ਰਹਿਣਗੇ। ਉਸ ਦਾ ਦਾਅਵਾ ਹੈ ਕਿ ਲੇਪ ਲਗਾਉਣ ਨਾਲ ਉਸ ਦੀ ਕਾਰ ਦਾ ਤਾਪਮਾਨ ਸ਼ਹਿਰ ਦੇ ਤਾਪਮਾਨ ਤੋਂ 5 ਤੋਂ 7 ਡਿਗਰੀ ਘੱਟ ਹੋ ਗਿਆ ਹੈ।
ਉਸ ਨੇ ਦੱਸਿਆ ਕਿ ਕਾਰ ਤੋਂ ਗੋਬਰ ਦੇ ਲੇਪ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ। ਇਸ ਨਾਲ ਪੇਂਟ ਵੀ ਖਰਾਬ ਨਹੀਂ ਹੁੰਦਾ। ਕਾਰ ਅੰਦਰ ਥੋੜ੍ਹੀ ਬਦਬੂ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਉਹ ਖਤਮ ਹੋ ਜਾਂਦੀ ਹੈ। ਦੱਸ ਦਈਏ ਕਿ ਕਾਰ ਉਤੇ ਗੋਬਰ ਮਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਅਹਿਮਦਾਬਾਦ ਦੇ ਇਕ ਸ਼ਖ਼ਸ ਨੇ ਵੀ ਆਪਣੀ ਕਾਰ ਨੂੰ ਗਊ ਦੇ ਗੋਬਰ ਦੇ ਲੇਪ ਨਾਲ ਲਿੱਪ ਦਿੱਤਾ ਸੀ। ਹੈਦਰਾਬਾਦ ਦੀ ਵੀ ਇਕ ਤਸਵੀਰ ਸਾਹਮਣੇ ਆਈ ਸੀ। ਇਕ ਬੰਦੇ ਨੇ ਆਪਣੇ ਕਾਰ ਉਤੇ ਫੂਸ ਦੀ ਛੱਤ ਲਗਾ ਦਿੱਤੀ ਸੀ।