ਮਸ਼ਹੂਰ ਫ਼ਿਲਮਾਂ ਦੇ ਡਾਇਰੈਕਟਰ ਅਤੇ ਅਦਾਕਾਰ ਕੋਲ ਨਹੀਂ ਹੈ ਕੋਈ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸ਼ੇਖਰ ਕਪੂਰ ਅੱਜ ਵੀ ਆਟੋ ਰਿਕਸ਼ਾ ਦੀ ਵਰਤੋਂ ਕਰਦੇ ਹਨ।

Shekhar Kapoor

ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਸ਼ੇਖਰ ਕਪੂਰ ਨੇ ਜਦੋਂ ਟਵਿਟਰ ‘ਤੇ ਦੱਸਿਆ ਕਿ ਉਹਨਾਂ ਕੋਲ ਕਾਰ ਨਹੀਂ ਹੈ ਤਾਂ ਉਹਨਾਂ ਦੇ ਚਾਹੁਣ ਵਾਲੇ ਕਾਫ਼ੀ ਹੈਰਾਨ ਹੋਏ। ਦਰਅਸਲ ਸ਼ੇਖਰ ਕਪੂਰ ਅੱਜ ਵੀ ਆਟੋ ਰਿਕਸ਼ਾ ਦੀ ਵਰਤੋਂ ਕਰਦੇ ਹਨ। ਸ਼ੇਖਰ ਕਪੂਰ ਨੇ ‘ਬੈਂਡਿਟ ਕੁਵੀਨ’ ਅਤੇ ‘ਮਿਸਟਰ ਇੰਡੀਆ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਬਣਾਈਆਂ ਹਨ। ਸਿਰਫ਼ ਬਾਲੀਵੁੱਡ ਨਹੀਂ ਬਲਕਿ ਹਾਲੀਵੁੱਡ ਵਿਚ ਵੀ ਸ਼ੇਖਰ ਅਪਣੇ ਜੌਹਰ ਦਿਖਾ ਚੁਕੇ ਹਨ। ਉਹਨਾਂ ਨੇ ਸਾਲ 1998 ਵਿਚ ‘ਐਲੀਜ਼ਾਬੇਥ’ ਨਾਂਅ ਦੀ ਫ਼ਿਲਮ ਬਣਾਈ ਸੀ।

ਹਾਲ ਹੀ ਵਿਚ ਸ਼ੇਖਰ ਕਪੂਰ ਨੇ ਟਵੀਟ ਕਰਕੇ ਕਿਹਾ ਸੀ ਕਿ ਉਹਨਾਂ ਕੋਲ ਕਾਰ ਨਹੀਂ ਹੈ। ਉਹਨਾਂ ਕਿਹਾ ਕਿ ਮੁੰਬਈ ਵਿਚ ਕਾਰ ਰੱਖਣਾ ਬੇਫ਼ਕੁਫ਼ੀ ਹੈ। ਉਹਨਾਂ ਇਹ ਵੀ ਕਿਹਾ ਕਿ ਇਕ ਔਸਤਨ ਸਾਈਜ਼ ਦੀ ਕਾਰ ਲਈ ਅਸੀਂ 6,00,000 ਲੀਟਰ ਪਾਣੀ ਲਗਾਉਂਦੇ ਹਾਂ। ਕੀ ਸਾਨੂੰ ਇਸ ਪਾਣੀ ਦੀ ਵਰਤੋਂ ਫ਼ਸਲਾਂ ਲਈ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਅਕਸਰ ਰਿਕਸ਼ੇ ਦੀ ਵਰਤੋਂ ਕਰਦੇ ਹਨ।

ਇਸ ਤੋਂ ਬਾਅਦ ਉਹਨਾਂ ਦੇ ਚਾਹੁਣ ਵਾਲਿਆਂ ਨੇ ਉਹਨਾਂ ਦੇ ਟਵੀਟ ‘ਤੇ ਕੁਮੇਂਟ ਕਰਕੇ ਕਿਹਾ ਕਿ ਜ਼ਿਆਦਾਤਰ ਬਾਲੀਵੁੱਡ ਹਸਤੀਆਂ ਕੋਲ 20 ਤੋਂ ਵੀ ਜ਼ਿਆਦਾ ਵਿਦੇਸ਼ੀ ਕਾਰਾਂ ਹਨ। ਇਸ ਤੋਂ ਬਾਅਦ ਸ਼ੇਖਰ ਨੇ ਕਿਹਾ ਕਿ ਉਹਨਾਂ ਨੂੰ ਅਪਣਾ ਸਵੈ-ਮਾਣ ਸਾਬਿਤ ਕਰਨ ਲਈ 20 ਵਿਦੇਸ਼ੀ ਕਾਰਾਂ ਦੀ ਲੋੜ ਨਹੀਂ ਹੈ। ਦੱਸ ਦਈਏ ਕਿ 73 ਸਾਲਾ ਸ਼ੇਖਰ ਕਪੂਰ ਲੰਬੇ ਸਮੇਂ ਤੋਂ ‘ਪਾਣੀ’ ਫ਼ਿਲਮ ਬਣਾਉਣ ਦੀ ਤਿਆਰੀ ਵਿਚ ਹਨ। ਇਨੀਂ ਦਿਨੀਂ ਉਹ ਇਸ ਪ੍ਰਾਜੈਕਟ ‘ਤੇ ਕਾਫ਼ੀ ਤੇਜ਼ੀ ਨਾਲ ਕੰਮ ਕਰ ਰਹੇ ਹਨ।