SC ਵਿਚ ਮੋਦੀ ਸਰਕਾਰ ਨੇ ਮੰਨਿਆ- ਵਧ ਰਿਹਾ ਕੋਰੋਨਾ ਸੰਕਰਮਣ, ਬਣਾਉਣੇ ਪੈਣਗੇ Make-Shift Hospital

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ 'ਤੇ ਸੁਪਰੀਮ ਕੋਰਟ ਵਿਚ ਸਰਕਾਰ ਦਾ ਹਲਫ਼ਨਾਮਾ

Corona

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਕੋਰੋਨਾ ਵਾਇਰਸ ਸੰਕਟ ਨੂੰ ਲੈ ਕੇ ਹਲਫ਼ਨਾਮਾ ਦਰਜ ਕੀਤਾ ਗਿਆ ਹੈ। ਕੇਂਦਰ ਨੇ ਅਪਣੇ ਹਲਫ਼ਨਾਮੇ ਵਿਚ ਮੰਨਿਆ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਿਤ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਅਜਿਹੇ ਵਿਚ ਦੇਸ਼ ਵਿਚ ਵੱਡੀ ਗਿਣਤੀ ਵਿਚ ਮੇਕ-ਸ਼ਿਫਟ ਹਸਪਤਾਲਾਂ ਦੀ ਸਥਾਪਨਾ ਕਰਨੀ ਹੋਵੇਗੀ। ਕੇਂਦਰ ਸਰਕਾਰ ਵੱਲੋਂ ਦਾਖਲ ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਹੁਣ ਦੇਸ਼ ਵਿਚ ਤੇਜ਼ੀ ਨਾਲ ਕੋਰੋਨਾ ਸੰਕਰਮਿਤ ਮਰੀਜਾਂ ਦੀ ਗਿਣਤੀ ਵਧ ਰਹੀ ਹੈ। 

ਅਜਿਹੀ ਸਥਿਤੀ ਵਿਚ ਮੌਜੂਦਾ ਹਸਪਤਾਲਾਂ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਕੋਰੋਨਾ ਦੇ ਮਰੀਜ਼ਾਂ ਲਈ ਅਸਥਾਈ ਮੇਕ-ਸ਼ਿਫਟ ਹਸਪਤਾਲਾਂ ਦਾ ਨਿਰਮਾਣ ਕਰਨਾ ਪਵੇਗਾ, ਤਾਂ ਜੋ ਉਨ੍ਹਾਂ ਦਾ ਧਿਆਨ ਰੱਖਿਆ ਜਾ ਸਕੇ। ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਕਿ ਸੰਕਟ ਦੀ ਇਸ ਘੜੀ ਵਿਚ, ਮਰੀਜ਼ਾਂ ਦੀ ਦੇਖਭਾਲ ਵਿਚ ਲੱਗੇ ਸਿਹਤ ਕਰਮਚਾਰੀਆਂ ਦਾ ਖਿਆਲ ਰੱਖਣ ਦੀ ਲੋੜ ਹੈ।

ਸਰਕਾਰ ਵੱਲੋਂ ਪੂਰੀ ਤਨਦੇਹੀ ਨਾਲ ਬਚਾਅ ਦੇ ਯਤਨ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਪਿਛਲੇ ਦਿਨਾਂ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ ਤਿੰਨ-ਚਾਰ ਦਿਨਾਂ ਵਿਚ ਹਰ ਦਿਨ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦਕਿ ਵੀਰਵਾਰ ਨੂੰ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਵੀਰਵਾਰ ਸਵੇਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 2.17 ਲੱਖ ਤੱਕ ਪਹੁੰਚ ਗਈ, ਜਦਕਿ ਮਰਨ ਵਾਲਿਆਂ ਦੀ ਗਿਣਤੀ 6 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਦੱਸ ਦਈਏ ਕਿ ਵੀਰਵਾਰ ਨੂੰ ਹੀ ਸੁਪਰੀਮ ਕੋਰਟ ਵਿਚ ਲੌਕਡਾਊਨ ਦੌਰਾਨ ਮਜ਼ਦੂਰਾਂ ਦੀ ਤਨਖ਼ਾਹ ਨੂੰ ਲੈ ਕੇ ਸੁਣਵਾਈ ਹੋਈ।

ਇਸ ਮਾਮਲੇ ਸਬੰਧੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਕੰਪਨੀ ਅਤੇ ਮਜ਼ਦੂਰਾਂ ਦਾ ਆਪਸੀ ਮਾਮਲਾ ਹੈ, ਇਸ ਮਾਮਲੇ ਵਿਚ ਉਹ ਦਖਲ ਨਹੀਂ ਦੇਣਗੇ। ਹੁਣ ਇਸ ਮਾਮਲੇ 'ਤੇ ਅਦਾਲਤ ਵੱਲੋਂ 12 ਜੂਨ ਨੂੰ ਫੈਸਲਾ ਸੁਣਾਇਆ ਜਾਵੇਗਾ।