RPF ਜਵਾਨ ਬਣਿਆ 'Real Hero', ਚਲਦੀ ਟਰੇਨ ਵਿਚ ਬੱਚੀ ਤੱਕ ਪਹੁੰਚਾਇਆ ਦੁੱਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰਪੀਐਫ ਦੇ ਇਕ ਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Inder Yadav

ਨਵੀਂ ਦਿੱਲੀ: ਆਰਪੀਐਫ ਦੇ ਇਕ ਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਆਰਪੀਐਫ ਦੇ ਇਕ ਜਵਾਨ ਨੇ ਭੁੱਖ ਨਾਲ ਤੜਫ ਰਹੀ ਮਾਸੂਮ ਬੱਚੀ ਨੂੰ ਦੁੱਧ ਫੜਾਉਣ ਲਈ ਟਰੇਨ ਦੇ ਪਿੱਛੇ ਦੌੜ ਲਗਾ ਦਿੱਤੀ। ਜਵਾਨ ਦੇ ਇਸ ਕੰਮ ਦੀ ਤਾਰੀਫ ਹਰ ਪਾਸੇ ਹੋ ਰਹੀ ਹੈ। 

ਘਰ ਪਹੁੰਚਣ ਤੋਂ ਬਾਅਦ ਬੱਚੀ ਦੀ ਮਾਂ ਨੇ ਵੀ ਮੈਸੇਜ ਅਤੇ ਵੀਡੀਓ ਦੇ ਜ਼ਰੀਏ ਆਰਪੀਐਫ ਜਵਾਨ ਦਾ ਸ਼ੁਕਰੀਆ ਕੀਤਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਖੁਦ ਆਰਪੀਐਫ ਜਵਾਨ ਦੇ ਹੌਂਸਲੇ ਨੂੰ ਸਲਾਮ ਕੀਤਾ ਹੈ। ਪੀਊਸ਼ ਗੋਇਲ ਨੇ ਟਵੀਟ ਕਰਕੇ ਜਵਾਨ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਜਵਾਨ ਲਈ ਨਕਦ ਇਨਾਮ ਦਾ ਵੀ ਐਲਾਨ ਕੀਤਾ ਹੈ।

ਦਰਅਸਲ ਬੀਤੇ ਦਿਨੀਂ ਕਰਨਾਟਕ ਦੇ ਬੇਲਗਾਓਂ ਤੋਂ ਗੋਰਖਪੁਰ ਲਈ ਸ਼੍ਰਮਿਕ ਟਰੇਨ ਰਵਾਨਾ ਹੋਈ। ਟਰੇਨ ਵਿਚ ਗੋਰਖਪੁਰ ਦੀ ਸਾਫੀਆ ਹਾਸਮੀ ਵੀ ਸਵਾਰ ਸੀ। ਸਾਫੀਆ ਕੋਲ ਉਸ ਦੀ ਤਿੰਨ ਮਹੀਨੇ ਦੀ ਬੱਚੀ ਸੀ। ਗਲਤੀ ਨਾਲ ਸਾਫੀਆ ਟਰੇਨ ਵਿਚ ਬੈਠਣ ਸਮੇਂ ਬੱਚੀ ਲਈ ਦੁੱਧ ਦਾ ਪੈਕਟ ਰੱਖਣਾ ਭੁੱਲ ਗਈ।

ਰਾਸਤੇ ਵਿਚ ਉਸ ਨੇ ਸਟੇਸ਼ਨ 'ਤੇ ਦੁੱਧ ਦਾ ਪੈਕੇਟ ਖਰੀਦਣਾ ਚਾਹਿਆ ਪਰ ਖਰੀਦ ਨਾ ਸਕੀ। ਜਦੋਂ ਟਰੇਨ ਭੋਪਾਲ ਪਹੁੰਚੀ ਤਾਂ ਬੱਚੀ ਦੀ ਮਾਂ ਨੇ ਆਰਪੀਐਫ ਜਵਾਨ ਤੋਂ ਮਦਦ ਮੰਗੀ। ਆਰਪੀਐਫ ਜਵਾਨ ਇੰਦਰ ਯਾਦਵ ਨੇ ਤੁਰੰਤ ਦੁੱਧ ਦੇ ਪੈਕੇਟ ਦੀ ਵਿਵਸਥਾ ਕੀਤੀ ਪਰ ਟਰੇਨ ਚੱਲ ਪਈ। ਜਵਾਨ ਨੇ ਟਰੇਨ ਦੇ ਨਾਲ ਦੌੜ ਲਗਾ ਦਿੱਤੀ।

ਉਹਨਾਂ ਨੇ ਚੱਲਦੀ ਟਰੇਨ ਵਿਚ ਖਿੜਕੀ ਵਿਚੋਂ ਬੱਚੀ ਲਈ ਦੁੱਧ ਫੜਾ ਦਿੱਤਾ। ਘਰ ਪਹੁੰਚ ਕੇ ਬੱਚੀ ਦੀ ਮਾਂ ਨੇ ਜਵਾਨ ਦਾ ਧੰਨਵਾਦ ਕੀਤਾ। ਭੋਪਾਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ 'ਤੇ ਦੌੜ ਲਗਾਉਂਦੇ ਜਵਾਨ ਦਾ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ। ਰੇਲ ਮੰਤਰੀ ਨੇ ਵੀ ਜਵਾਨ ਦੇ ਹੌਂਸਲੇ ਨੂੰ ਸਲਾਮ ਕੀਤਾ। ਸੋਸ਼ਲ ਮੀਡੀਆ 'ਤੇ ਵੀ ਲੋਕ ਆਰਪੀਐਫ ਜਵਾਨ ਨੂੰ 'ਅਸਲੀ ਹੀਰੋ' ਕਹਿ ਰਹੇ ਹਨ।