ਗਰਭਵਤੀ ਹਥਣੀ ਦੇ ਦੋਸ਼ੀਆਂ ਦੀ ਸੂਚਨਾ ਦੇਣ 'ਤੇ Wildlife SOS ਵੱਲੋਂ ਦਿੱਤੇ ਜਾਣਗੇ 1 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਈਲਡ ਲਾਈਫ ਐਸਓਐਸ ਨੇ ਫਲਾਂ ਅੰਦਰ ਵਿਸਫੋਟਕ ਰੱਖਣ ਦੀ ਗੈਰ ਕਾਨੂੰਨੀ ਹਰਕਤ ਵਿਰੁੱਧ ਆਪਣੀ ਆਵਾਜ਼ ਚੁੱਕੀ ਹੈ।

Elephant

ਨਵੀਂ ਦਿੱਲੀ: ਵਾਈਲਡ ਲਾਈਫ ਐਸਓਐਸ ਨੇ ਫਲਾਂ ਅੰਦਰ ਵਿਸਫੋਟਕ ਰੱਖਣ ਦੀ ਗੈਰ ਕਾਨੂੰਨੀ ਹਰਕਤ ਵਿਰੁੱਧ ਆਪਣੀ ਆਵਾਜ਼ ਚੁੱਕੀ ਹੈ। ਇਹ ਵਿਸਫੋਟਕ ਜਾਨਵਰਾਂ ਦੇ ਮੂੰਹ ਵਿਚ ਫਟ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਵਾਈਲਡ ਲਾਈਫ ਐਸਓਐਸ ਦੀ ਮੰਗ ਹੈ ਕਿ ਅਜਿਹੇ ਅਪਰਾਧਾਂ 'ਤੇ ਪਾਬੰਦੀ ਲਗਾਈ ਜਾਵੇ।

ਕੇਰਲ ਦੇ ਮਾਲੱਪੁਰਮ ਜ਼ਿਲ੍ਹੇ ਵਿਚ ਸੰਗਠਨ ਨੇ ਗਰਭਵਤੀ ਹਥਣੀ ਦੀ ਹੱਤਿਆ ਦੀ ਨਿੰਦਾ ਕੀਤੀ ਹੈ। ਜਾਣਕਾਰੀ ਅਨੁਸਾਰ ਕੇਰਲਾ ਦੇ ਮਲੱਪੁਰਮ ਜ਼ਿਲ੍ਹੇ ਵਿਚ ਕੁਝ ਲੋਕਾਂ ਨੇ ਗਰਭਵਤੀ ਹਥਣੀ ਨੂੰ ਪਟਾਕੇ ਨਾਲ ਭਰਿਆਂ ਅਨਾਨਾਸ ਖੁਆਇਆ। ਜਿਸ ਤੋਂ ਬਾਅਦ ਉਸ ਦੇ ਮੂੰਹ ਵਿਚ ਪਟਾਕੇ ਫਟਣ ਕਾਰਨ ਉਸ ਦੀ ਮੌਤ ਹੋ ਗਈ।

ਸੰਸਥਾ ਦਾ ਕਹਿਣਾ ਹੈ ਕਿ ਨਿਰਾਸ਼ਾਜਨਕ ਹੈ ਕਿ ਇਕ ਗਰਭਵਤੀ ਹਥਣੀ ਨੂੰ ਇਸ ਤਰ੍ਹਾਂ ਦੀ ਮੌਤ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਦੋਸ਼ੀਆਂ ਖਿਲਾਫ ਮਾਮਲਾ ਦਰਜ ਹੋਵੇਗਾ। ਇਸ ਮਾਮਲੇ ਦੀ ਜਾਂਚ ਕੇਰਲ ਦੇ ਸਟੇਟ ਫਾਰੇਸਟ ਵਿਭਾਗ ਦੇ ਲੋਕ ਕਰ ਰਹੇ ਹਨ।

ਵਾਈਲਡ ਲਾਈਫ ਐਸਓਐਸ ਨੇ ਦਾਅਵਾ ਕੀਤਾ ਹੈ ਕਿ ਹੱਤਿਆ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ 'ਤੇ ਇਕ ਲੱਖ ਦਾ ਇਨਾਮ ਦਿੱਤਾ ਜਾਵੇਗਾ। ਜੋ ਵੀ ਇਸ ਮਾਮਲੇ ਵਿਚ ਜੰਗਲਾਤ ਵਿਭਾਗ ਦੀ ਮਦਦ ਕਰੇਗਾ, ਉਸ ਦੇ ਲਈ ਵਾਈਲਡਲਾਈਫ ਐਸਓਐਸ ਵੱਲੋਂ ਇਹ ਇਨਾਮ ਦਿੱਤਾ ਜਾਵੇਗਾ।

ਸੰਸਥਾ ਨੇ ਇਸ ਸਬੰਧੀ ਨੰਬਰ ਵੀ ਜਾਰੀ ਕੀਤਾ ਗਿਆ ਹੈ। ਸੰਥਥਾ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹਾਥੀਆਂ ਨੂੰ ਬਚਾਉਣ ਲਈ ਮੁਹਿੰਮ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਐਲੀਫੈਂਟ ਹੈਲਪਲਾਈਨ ਨੰਬਰ +91-9971699727 'ਤੇ ਕਾਲ ਕਰੋ ਜਾਂ info@wildlifesos.org 'ਤੇ ਮੇਲ ਕਰੋ।

ਇਸ ਦੇ ਨਾਲ ਹੀ ਐਚਐਸਆਈ ਇੰਡੀਆ ਨੇ ਐਲਾਨ ਕੀਤਾ ਹੈ ਕਿ ਜੋ ਵੀ ਦੋਸ਼ੀਆਂ ਦੀ ਪਛਾਣ ਕਰਵਾਉਣ ਵਿਚ ਮਦਦ ਕਰੇਗਾ, ਉਸ ਨੂੰ 50,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।