MP ਵਿਕਰਮਜੀਤ ਸਿੰਘ ਸਾਹਨੀ ਨੇ ਸਾਕਾ ਨੀਲਾ ਤਾਰਾ ਦੇ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਇਸ ਘਿਨਾਉਣੇ ਅਪਰਾਧ ਦਾ ਇਕੋ-ਇਕ ਇਨਸਾਫ਼ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੋਵੇਗਾ

MP Vikramjit Singh Sahney

ਨਵੀਂ ਦਿੱਲੀ : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਾਰੇ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਸਾਹਨੀ ਨੇ ਅਪੀਲ ਕੀਤੀ ਹੈ ਕਿ ਇਸ ਸਬੰਧੀ ਫ਼ਾਈਲਾਂ ਤਕ ਆਮ ਲੋਕਾਂ ਦੀ ਪਹੁੰਚ ਹੋਣੀ ਚਾਹੀਦੀ ਹੈ ਤਾਂ ਜੋ ਸਾਕਾ ਨੀਲਾ ਤਾਰਾ ਦੌਰਾਨ ਹੋਏ ਕਤਲੇਆਮ ਦੀ ਅਸਲੀਅਤ ਸਾਹਮਣੇ ਆ ਸਕੇ।

ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ‘ਸਾਕਾ ਨੀਲਾ ਤਾਰਾ ਹਜ਼ਾਰਾਂ ਸ਼ਰਧਾਲੂਆਂ ਦੇ ਵਹਿਸ਼ੀਆਨਾ ਕਤਲੇਆਮ, ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਸਰਵੋਤਮ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ਦੀ ਭੰਨਤੋੜ, ਅਜਾਇਬ ਘਰ ਅਤੇ ਤੋਸ਼ਾਖਾਨੇ ਦੀ ਤਬਾਹੀ, ਸਾਡੀ ਧਰੋਹਰ ਅਤੇ ਇਤਿਹਾਸ ਨਾਲ ਸਬੰਧਤ ਕੀਮਤੀ ਗ੍ਰੰਥਾਂ ਅਤੇ ਰਿਕਾਰਡਾਂ ਨੂੰ ਨਸ਼ਟ ਕਰਨ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਸੀ। 

ਸਾਕਾ ਨੀਲਾ ਤਾਰਾ ਦੀ ਨਿੰਦਾ ਕਰਦਿਆਂ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦਾ ਇਕੋ-ਇਕ ਇਨਸਾਫ਼ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੋਵੇਗਾ, ਜਿਸ ਲਈ ਜ਼ਰੂਰੀ ਹੈ ਕਿ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ

ਉਨ੍ਹਾਂ ਨੇ ਅੱਗੇ ਕਿਹਾ, 'ਖ਼ੂਨੀ ਅਪ੍ਰੇਸ਼ਨ ਦੇ ਪਿੱਛੇ ਦੀ ਸੱਚਾਈ ਦੀ ਜਾਣਕਾਰੀ ਹਾਸਲ ਕਰਨ ਲਈ 39 ਸਾਲ ਦਾ ਇੰਤਜ਼ਾਰ ਬਹੁਤ ਲੰਬਾ ਹੈ। ਉਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਕੀਤੀ ਹੈ। ਸਾਕਾ ਨੀਲਾ ਤਾਰਾ ਨੂੰ ਸਿੱਖ ਅਤੇ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਕਤਲੇਆਮ ਵਿਚੋਂ ਇਕ ਦੱਸਦੇ ਹੋਏ ਉਨ੍ਹਾਂ ਅਪੀਲ ਕੀਤੀ ਕਿ ਪੀੜਤਾਂ ਤੋਂ ਲੈ ਕੇ ਜਨਤਾ, ਇਤਿਹਾਸਕਾਰਾਂ, ਵਿਦਵਾਨਾਂ ਅਤੇ ਰਾਜਨੀਤਿਕ ਨੇਤਾਵਾਂ ਤਕ ਹਰ ਕੋਈ ਇਸ ਪਿੱਛੇ ਸਾਜ਼ਸ਼ ਨੂੰ ਜਾਨਣ ਦਾ ਹੱਕਦਾਰ ਹੈ, ਜੋ ਕਿ ਦਸਤਾਵੇਜ਼ਾਂ ਨੂੰ ਜਨਤਕ ਕਰਨ ਨਾਲ ਹੀ ਹੋ ਸਕਦਾ ਹੈ।

ਸਾਕਾ ਨੀਲਾ ਤਾਰਾ ਦੇ ਵੇਰਵਿਆਂ ਦੇ ਜਾਰੀ ਹੋਣ ਦੇ ਪ੍ਰਭਾਵਾਂ ਦੀ ਸੰਵੇਦਨਸ਼ੀਲਤਾ 'ਤੇ ਜ਼ੋਰ ਦਿੰਦੇ ਹੋਏ, ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਸੀਂ ਇਹ ਨਹੀਂ ਭੁੱਲ ਸਕਦੇ ਕਿ 39 ਸਾਲ ਬੀਤ ਚੁੱਕੇ ਹਨ ਅਤੇ ਜੋ ਕੁੱਝ ਹੋਇਆ ਉਸ ਨੂੰ ਭੁੱਲਣਾ ਅਸੰਭਵ ਹੈ, ਹਾਲਾਂਕਿ ਦਸਤਾਵੇਜ਼ਾਂ ਦਾ ਪਰਦਾਫ਼ਾਸ਼ ਹੋਣ ਨਾਲ ਸੱਚਾਈ ਸਾਹਮਣੇ ਆ ਜਾਵੇਗੀ। ਦੇਸ਼ ਅਤੇ ਦੁਨੀਆਂ ਨੂੰ ਪਤਾ ਲੱਗ ਜਾਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਮੰਦਭਾਗੀ ਅਸਧਾਰਨ ਫ਼ੌਜੀ ਕਾਰਵਾਈ ਲਈ ਕਿਹੜੀ ਸਾਜ਼ਸ਼ ਰਚੀ ਗਈ ਸੀ ਅਤੇ ਕਿਸ ਤਰ੍ਹਾਂ ਇਸ ਨੂੰ ਅੰਜਾਮ ਦਿਤਾ ਗਿਆ ਸੀ।