ਟਿੱਕ-ਟੌਕ ਦੀ ਥਾਂ ਲੈਣ ਦੀ ਦੌੜ 'ਚ ਸ਼ਾਮਲ ਹੋਇਆ ਇੰਸਟਾਗ੍ਰਾਮ, ਸ਼ਾਨਦਾਰ ਫੀਚਰ ਨਾਲ ਸ਼ੁਰੂਆਤ ਦੀ ਤਿਆਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਟਿੱਕ-ਟੌਕ ਦੀ ਥਾਂ ਲੈਣ ਲਈ ਕਈ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਹੋਈਆਂ ਸਰਗਰਮ

Instagram Reels

ਨਵੀਂ ਦਿੱਲੀ : ਚੀਨ ਨਾਲ ਚੱਲਦੇ ਸਰਹੱਦੀ ਵਿਵਾਦ ਦੇ ਚਲਦਿਆਂ ਭਾਰਤ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦਿਆਂ ਚੀਨ ਦੇ 59 ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਐਪਸ ਦੇ ਬੰਦ ਹੋਣ ਨਾਲ ਜਿੱਥੇ ਚੀਨ ਨੂੰ ਵੱਡਾ ਆਰਥਿਕ ਝਟਕਾ ਲੱਗਿਆ ਹੈ, ਉਥੇ ਹੀ ਇਨ੍ਹਾਂ ਐਪਾਂ ਖ਼ਾਸ ਕਰ ਕੇ ਟਿੱਕ-ਟੌਕ ਨੂੰ ਵਰਤਣ ਵਾਲੇ ਲੋਕਾਂ ਅੰਦਰ ਵੀ ਮਾਯੂਸੀ ਪਾਈ ਜਾ ਰਹੀ ਸੀ। ਇਸ ਨੂੰ ਵੇਖਦਿਆਂ ਕਈ ਭਾਰਤੀ ਕੰਪਨੀਆਂ ਨੇ ਵੀ ਟਿੱਕ-ਟੌਕ ਦੀ ਥਾਂ ਲੈਣ ਲਈ ਪਰ ਤੋਲਣੇ ਸ਼ੁਰੂ ਕਰ ਦਿਤੇ ਹਨ।

ਇਸ ਦੌੜ ਵਿਚ ਹੁਣ ਦੇਸ਼ੀ ਕੰਪਨੀਆਂ ਦੇ ਨਾਲ-ਨਾਲ ਕਈ ਵਿਦੇਸ਼ੀ ਕੰਪਨੀਆਂ ਵੀ ਸ਼ਾਮਲ ਹੋ ਗਈਆਂ ਹਨ। ਇਸ ਦੌਰਾਨ ਜਿੱਥੇ ਚਿੰਗਾਰੀ, ਮਿਤਰੋਂ ਆਦਿ ਵਰਗੇ ਐਪਸ ਸਾਹਮਣੇ ਆ ਚੁੱਕੇ ਹਨ, ਉਥੇ ਹੀ ਜ਼ੀ-5 ਅਤੇ ਸ਼ੇਅਰਚੈਟ ਵਰਗੀਆਂ ਕੰਪਨੀਆਂ ਵੀ ਇਸ ਦੌੜ 'ਚ ਸ਼ਾਮਲ ਹੋ ਗਈਆਂ ਹਨ।

ਇਨ੍ਹਾਂ ਕੰਪਨੀਆਂ ਨੇ ਛੇਤੀ ਹੀ ਟਿੱਕ-ਟੌਕ ਦੀ ਥਾਂ ਲੈਂਦੇ ਐਪ ਲਾਂਚ ਕਰਨ ਦਾ ਐਲਾਨ ਵੀ ਕਰ ਦਿਤਾ ਹੈ। ਚੀਨੀ ਐਪਸ ਦੇ ਬੰਦ ਹੋਣ ਦਾ ਫਾਇਦਾ ਕੁੱਝ ਵਿਦੇਸ਼ੀ ਕੰਪਨੀਆਂ ਵੀ ਚੁਕਣਾ ਚਾਹੁੰਦੀਆਂ ਹਨ। ਇੰਨਾ ਹੀ ਨਹੀਂ, ਹੁਣ ਫ਼ੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਵੀ ਟਿੱਕ-ਟੌਕ ਦੀ ਥਾਂ ਨਵਾਂ ਐਪ ਜਾਰੀ ਕਰਨ ਲਈ ਤਤਪਰ ਹੈ।

ਇੰਸਟਾਗ੍ਰਾਮ ਭਾਰਤ 'ਚ 15 ਸੈਕਿੰਡਾਂ ਵਾਲੇ ਇਕ ਫ਼ੀਚਰ ਦਾ ਪ੍ਰੀਖਣ ਕਰ ਰਿਹਾ ਹੈ। ਇਸ ਫੀਚਰ ਨੂੰ ਇੰਸਟਾਗ੍ਰਾਮ ਰੀਲਸ ਨਾਮ ਦਿਤਾ ਗਿਆ ਹੈ। ਇੰਸਟਾਗ੍ਰਾਮ ਰੀਲਸ ਰਾਹੀਂ ਯੂਜ਼ਰਸ 15 ਸਕਿੰਟਾਂ ਦੀ ਸ਼ਾਰਟ ਵੀਡੀਓ ਬਣਾ ਸਕਣਗੇ। ਇਸ ਵੀਡੀਓ ਜ਼ਰੀਏ ਯੂਜ਼ਰਸ ਮਿਊਜਿਕ, ਆਡੀਓ ਕਲਿੱਪ ਵੀ ਐਂਡ ਕਰ ਸਕਣਗੇ। ਸੂਜ਼ਰਸ ਇਸਨੂੰ  ਅਪਣੀ ਸਟੋਰੀਜ਼ 'ਚ ਵੀ ਸ਼ੇਅਰ ਕਰ ਸਕਣਗੇ।

ਇੰਸਟਾਗ੍ਰਾਮ ਰੀਲਸ ਨਾਮ ਦਾ ਇਹ ਐਪ ਬਿਲਕੁਲ ਟਿਕ-ਟੌਕ ਵਾਂਗ ਹੀ ਕੰਮ ਕਰੇਗਾ। ਇਸ ਫੀਚਰ ਮਿਊਜ਼ਿਕ ਲਈ ਇੰਸਟਾਗ੍ਰਾਮ ਵਲੋਂ ਸਾਰੇਗਾਮਾ ਨਾਲ ਸਾਂਝੇਦਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮਿਊਜ਼ਿਕ ਦੇ ਕਾਪੀਰਾਈਟ ਨੂੰ ਲੈ ਕੇ ਹੋਣ ਵਾਲੀ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕੇਗਾ। ਕੁੱਲ ਮਿਲਾ ਕੇ ਚੀਨੀ ਐਪਸ ਖਿਲਾਫ਼ ਜਿਸ ਤਰ੍ਹਾਂ ਦੇਸ਼ੀ ਤੇ ਵਿਦੇਸ਼ੀ ਕੰਪਨੀਆਂ ਮੌਕੇ ਦਾ ਫ਼ਾਇਦਾ ਉਠਾਉਣ ਲਈ ਸਰਗਰਮ ਹਨ, ਉਸ ਤੋਂ ਚੀਨੀ ਕੰਪਨੀਆਂ ਲਈ ਆਉਂਦੇ ਸਮੇਂ ਦੌਰਾਨ ਵੱਡੀਆਂ ਚੁਨੌਤੀਆਂ ਪੈਂਦਾ ਹੋਣਾ ਤੈਅ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।