ਧਰਮ ਚੱਕਰ ਦਿਵਸ ‘ਤੇ ਬੋਲੇ ਮੋਦੀ- ਬੁੱਧ ਧਰਮ ਨੇ ਦਿੱਤਾ ਅਹਿੰਸਾ ਅਤੇ ਸ਼ਾਂਤੀ ਦਾ ਸੰਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਸਭਿਆਚਾਰ ਮੰਤਰਾਲੇ ਦੀ ਦੇਖ ਰੇਖ ਵਿਚ ਅੱਜ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਬੋਧ ਸੰਘ (IBC) ਵੱਲੋਂ ਧਰਮ ਚੱਕਰ ਦਿਵਸ ਮਨਾਇਆ ਜਾਵੇਗਾ।

PM Modi

ਨਵੀਂ ਦਿੱਲੀ: ਸਭਿਆਚਾਰ ਮੰਤਰਾਲੇ ਦੀ ਦੇਖ ਰੇਖ ਵਿਚ ਅੱਜ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਬੋਧ ਸੰਘ (IBC) ਵੱਲੋਂ ਧਰਮ ਚੱਕਰ ਦਿਵਸ ਮਨਾਇਆ ਜਾਵੇਗਾ। ਅੱਜ ਹੀ ਦੇ ਦਿਨ ਮਹਾਤਮਾ ਬੁੱਧ ਨੇ ਅਪਣੇ ਪਹਿਲੇ ਪੰਜ ਚੇਲਿਆਂ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਇਸ ਮੌਕੇ ਵਿਸ਼ਵ ਭਰ ਦੇ ਬੋਧੀ ਹਰ ਸਾਲ ਇਸ ਨੂੰ ਧਰਮ ਚੱਕਰ ਦਿਵਸ ਵਜੋਂ ਮਨਾਉਂਦੇ ਹਨ।

ਇਸ ਦੇ ਨਾਲ ਹੀ ਹਿੰਦੂ ਧਰਮ ਵਿਚ ਅੱਜ ਗੁਰੂ ਦੇ ਪ੍ਰਤੀ ਸਨਮਾਨ ਵਿਅਕਤ ਕਰਨ ਦਾ ਦਿਨ ਹੈ ਅਤੇ ਇਸ ਨੂੰ ‘ਗੁਰੂ ਪੂਰਨਿਮਾ’ ਵਜੋਂ ਵੀ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੇਰੇ 9 ਵਜੇ ਦੇ ਕਰੀਬ ਰਾਸ਼ਟਰਪਤੀ ਭਵਨ ਵਿਚ ਧਰਮ ਚੱਕਰ ਦਿਵਸ ਦਾ ਉਦਘਾਟਨ ਕੀਤਾ, ਜਿਸ ਤੋਂ ਬਾਅਦ ਕੇਂਦਰੀ ਮੰਤਰੀ ਕਿਰੇਜ ਰਿਜਿਜੂ ਨੇ ਅਯੋਜਿਤ ਧਰਮ ਚੱਕਰ ਦਿਵਸ ਸਮਾਰੋਹ ਨੂੰ ਸੰਬੋਧਿਤ ਕੀਤਾ।

ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦ ਨੇ ਵੀਡੀਓ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਬੁੱਧ ਧਰਮ ਲੋਕਾਂ ਨੂੰ ਆਦਰ ਕਰਨਾ ਸਿਖਾਉਂਦਾ ਹੈ। ਉਹਨਾਂ ਕਿਹਾ ਕਿ ਬੁੱਧ ਵੱਲੋਂ ਦਿੱਤੀ ਗਈ ਸਿੱਖ ਅੱਜ ਵੀ ਪ੍ਰਸੰਗਿਕ ਹੈ। ਉਹਨਾਂ ਕਿਹਾ ਕਿ ਗੌਤਮ ਬੁੱਧ ਨੇ ਸਾਰਨਾਥ ਵਿਚ ਦਿੱਤੇ ਆਪਣੇ ਪਹਿਲੇ ਉਪਦੇਸ਼ ਵਿਚ ਅਤੇ ਬਾਅਦ ਦੇ ਦਿਨਾਂ ਵਿਚ ਦੋ ਚੀਜ਼ਾਂ, ਉਮੀਦ ਅਤੇ ਉਦੇਸ਼ ਬਾਰੇ ਵੀ ਗੱਲ ਕੀਤੀ ਸੀ।

ਉਹਨਾਂ ਨੇ ਇਹਨਾਂ ਦੋਵਾਂ ਵਿਚਕਾਰ ਇਕ ਮਜ਼ਬੂਤ ​​ਸੰਬੰਧ ਵੇਖਿਆ ਕਿਉਂਕਿ ਸਿਰਫ ਉਮੀਦ ਨਾਲ ਹੀ ਉਦੇਸ਼ ਪੈਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਤੇਜ਼ ਰਫਤਾਰ ਨੌਜਵਾਨ ਮਨ ਗਲੋਬਲ ਸਮੱਸਿਆਵਾਂ ਦਾ ਹੱਲ ਲੈ ਕੇ ਆ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਅਪਣੇ ਨੌਜਵਾਨ ਦੋਸਤਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਬੁੱਧ ਦੇ ਵਿਚਾਰਾਂ ਨਾਲ ਜੁੜਨ। ਉਹ ਖੁਦ ਵੀ ਉਹਨਾਂ ਨਾਲ ਪ੍ਰੇਰਿਤ ਹੋਣ ਅਤੇ ਦੂਜਿਆਂ ਨੂੰ ਵੀ ਅੱਗੇ ਦਾ ਰਸਤਾ ਦਿਖਾਉਣ।