ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚ ਮੀਟਿੰਗ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਲਗਭਗ ਦੋ ਘੰਟੇ ਚੱਲੀ ਸੀ

kartarpur corridor meeting with pakistan today

ਨਵੀਂ ਦਿੱਲੀ-  ਜੰਮੂ–ਕਸ਼ਮੀਰ ਕਾਰਨ ਤਣਾਅ ਦੌਰਾਨ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਸਮਝੌਤੇ ਦੇ ਖਰੜੇ ਅਤੇ ਇਸ ਲਾਂਘੇ ਨੂੰ ਸ਼ੁਰੂ ਕਰਨ ਦੇ ਮਾਮਲੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤੀਜੇ ਗੇੜ ਦੀ ਗੱਲਬਾਤ ਅੱਜ ਅਟਾਰੀ ਵਿਖੇ ਹੋਣ ਜਾ ਰਹੀ ਹੈ। ਭਾਰਤੀ ਅਧਿਕਾਰੀ ਅੱਜ ਦੀ ਇਸ ਉੱਚ–ਪੱਧਰੀ ਮੀਟਿੰਗ ਦੌਰਾਨ ਕਰਤਾਰਪੁਰ  ਲਾਂਘੇ ਨੂੰ ਚਲਾਉਣ ਲਈ ਇੱਕ ਸਮਝੌਤੇ ਦੇ ਖਰੜੇ ਵਿਚ ਕੁਝ ਕਮੀਆਂ ਦੂਰ ਕਰਨ ਦਾ ਯਤਨ ਕਰਨਗੇ। ਸੂਤਰਾਂ ਮੁਤਾਬਕ ਅੱਜ ਦੀ ਮੀਟਿੰਗ ਦੌਰਾਨ ਕੁਝ ਉਲਝੇ ਵਿਚਾਰਧਾਰਕ ਮੁੱਦੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪ੍ਰਸਤਾਵਿਤ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਸਥਿਤ ਦਰਬਾਰ ਸਾਹਿਬ ਗੁਰੂਘਰ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜੇਗਾ ਅਤੇ ਇਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਵੀਜ਼ਾ–ਮੁਕਤ ਆਵਾਜਾਈ ਦੀ ਸਹੂਲਤ ਮਿਲੇਗੀ। ਸ਼ਰਧਾਲੂਆਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ 1522 ’ਚ ਸਥਾਪਤ ਕਰਤਾਰਪੁਰ ਸਾਹਿਬ ਗੁਰਦੁਆਰਾ  ਜਾਣ ਲਈ ਸਿਰਫ਼ ਇੱਕ ਪਰਮਿਟ ਲੈਣਾ ਹੋਵੇਗਾ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਲਗਭਗ ਦੋ ਘੰਟੇ ਚੱਲੀ ਸੀ। ਜਿਸ ਵਿਚ ਦੋਵੇਂ ਧਿਰਾਂ ਨੇ ਪ੍ਰਸਤਾਵਿਤ ਕਰਤਾਰਪੁਰ ਲਾਂਘੇ ਦੇ ਤਕਨੀਕੀ ਪੱਖਾਂ ਉੱਤੇ ਚੰਗੀ  ਤਰੱਕੀ ਹੋਣ ਦੀ ਗੱਲ ਆਖੀ ਹੈ। ਅੱਜ ਦੀ ਮੀਟਿੰਗ ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਦੱਖਣੀ ਏਸ਼ੀਆ ਤੇ ਸਾਰਕ ਦੇ ਡਾਇਰੈਕਟਰ ਜਨਰਲ ਅਤੇ ਵਿਦੇਸ਼ ਦਫ਼ਤਰ ਦੇ ਬੁਲਾਰੇ ਡਾ. ਮੁਹੰਮਦ ਫ਼ੈਜ਼ਲ ਕਰਨਗੇ।