ਸਿੱਖਾਂ ਲਈ ਕਰਤਾਰਪੁਰ ‘ਮਦੀਨਾ’ ਅਤੇ ਨਨਕਾਣਾ ਸਾਹਿਬ ‘ਮੱਕਾ’: ਇਮਰਾਨ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਪਾਕਿਸਤਾਨ ਸਿੱਖ ਸ਼ਰਧਾਲੂਆਂ ਨੂੰ ‘ਆਨ ਐਰਾਈਵਲ’ ਵੀਜ਼ਾ ਕਰੇਗਾ ਜਾਰੀ 

"Kartarpur Your Madina, Nankana Sahib Is Makkah": Imran Khan

ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਸਿੱਖਾਂ ਲਈ ਕਰਤਾਰਪੁਰ ‘ਮਦੀਨਾ’ ਅਤੇ ਨਨਕਾਣਾ ਸਾਹਿਬ ‘ਮੱਕਾ’ ਹੈ। ਅਸੀ ਕਿਸੇ ਨੂੰ ਮੱਕਾ ਜਾਂ ਮਦੀਨਾ ਤੋਂ ਦੂਰ ਰੱਖਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਉਨ੍ਹਾਂ ਨੇ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ‘ਮਲਟੀ-ਐਂਟਰੀ ਵੀਜ਼ਾ’ ਅਤੇ ‘ਆਨ ਐਰਾਈਵਲ’ ਵੀਜ਼ਾ ਜਾਰੀ ਕਰੇਗੀ।

ਇਕ ਸਮਾਚਾਰ ਏਜੰਸੀ ਦੀ ਰੀਪੋਰਟ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਸਰਕਾਰ ਪਾਕਿਸਤਾਨ ਦੇ ਧਾਰਮਕ ਸਥਲਾਂ ਦੀ ਯਾਤਰਾ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸੰਭਵ ਸਹੂਲਤਾਂ ਉਪਲਬਧ ਕਰਵਾਏਗੀ।  ਇਮਰਾਨ ਖ਼ਾਨ ਨੇ ਗਵਰਨਰ ਹਾਊਸ ਵਿਚ ਅੰਤਰਰਾਸ਼ਟਰੀ ਸਿੱਖ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ,‘‘ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਨੂੰ ਮਲਟੀ-ਐਂਟਰੀ ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਸਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਹਵਾਈ ਅੱਡੇ ’ਤੇ ਵੀਜ਼ਾ ਦੇਵਾਂਗੇ।’’

ਸੰਮੇਲਨ ਵਿਚ ਪੰਜਾਬ ਦੇ ਗਵਰਨਰ ਚੌਧਰੀ ਸਰਵਰ, ਫ਼ੈਡਰਲ ਅਤੇ ਸੂਬਾਈ ਕੈਬਨਿਟ ਦੇ ਮੈਂਬਰ ਅਤੇ ਅਮਰੀਕਾ, ਬਿ੍ਰਟੇਨ, ਕੈਨੇਡਾ, ਯੂਰਪ ਅਤੇ ਹੋਰ ਦੇਸ਼ਾਂ ਦੇ ਸਿੱਖ ਸ਼ਰਧਾਲੂ ਸ਼ਾਮਲ ਹੋਏ। ਗੌਰਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਪਾਕਿਸਤਾਨ ਪ੍ਰਸਤਾਵਤ ਕਰਤਾਰਪੁਰ ਲਾਂਘੇ ਜ਼ਰੀਏ ਦੇਸ਼ ਵਿਚ ਰੋਜ਼ਾਨਾ ਪੰਜ ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਦੇਵੇਗਾ।