ਜਦੋਂ ਦੋ ਬਿੱਲੀਆਂ ਨੇ ਸ਼ੋਅਰੂਮ ’ਚੋਂ ਚੋਰੀ ਕੀਤਾ 13 ਕਰੋੜ ਦਾ ਸੋਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿੱਲੀਆਂ ਬਣ ਕੇ ਆਏ ਦੋ ਚੋਰਾਂ ਨੇ ਚੋਰੀ ਕੀਤੇ 25 ਕਿਲੋ ਸੋਨੇ ਦੇ ਗਹਿਣੇ

Men Wearing Cat And Dog Masks Rob Crores

ਚੇਨਈ: ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿਚ ਇਕ ਜਿਊਲਰੀ ਸ਼ੋਅਰੂਮ ਵਿਚੋਂ 13 ਕਰੋੜ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਗਏ ਪਰ ਜਿਵੇਂ ਹੀ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਫੁਟੇਜ ਵਿਚ ਦੋ ਬਿੱਲੀਆਂ ਨੂੰ ਸੋਨਾ ਚੋਰੀ ਕਰਦੇ ਦੇਖ ਕੇ ਪੁਲਿਸ ਦੇ ਹੋਸ਼ ਉਡ ਗਏ। ਦਰਅਸਲ ਸ਼ੋਅਰੂਮ ਲੁੱਟਣ ਆਏ ਦੋ ਲੁਟੇਰਿਆਂ ਨੇ ਅਪਣੇ ਚਿਹਰਿਆਂ ’ਤੇ ਬਿੱਲੀਆਂ ਦੇ ਮਾਸਕ ਪਹਿਨੇ ਹੋਏ ਸਨ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।

ਵੱਡੀ ਲੁੱਟ ਦੀ ਇਹ ਘਟਨਾ ਤਾਮਿਲਨਾਡੂ ਵਿਚ ਤਿਰੂਚਿਰਾਪੱਲੀ ਸ਼ਹਿਰ ਦੇ ਲਲਿਤਾ ਜਿਊਲਰਜ਼ ਦੇ ਸ਼ੋਅਰੂਮ ਵਿਚ ਵਾਪਰੀ। ਸਵੇਰੇ ਜਦੋਂ ਸਟਾਫ਼ ਨੇ ਸ਼ੋਅਰੂਮ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਦਾ ਹਾਲ ਦੇਖ ਕੇ ਹਰ ਕਿਸੇ ਦੇ ਹੋਸ਼ ਉਡ ਗਏ। ਚੋਰਾਂ ਨੇ ਪੂਰਾ ਸ਼ੋਅਰੂਮ ਖ਼ਾਲੀ ਕਰ ਦਿੱਤਾ ਸੀ। ਬਿੱਲੀਆਂ ਬਣ ਕੇ ਆਏ ਚੋਰ ਸ਼ੋਅਰੂਮ ਦੇ ਗਰਾਊਂਡ ਫਲੋਰ ਤੋਂ ਡਾਇਮੰਡ ਅਤੇ ਸੋਨੇ ਦੇ ਕਰੀਬ 25 ਕਿਲੋ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਇਹ ਲੁਟੇਰੇ ਸ਼ੋਅਰੂਮ ਦੇ ਪਿਛਲੇ ਪਾਸੇ ਸਕੂਲ ਨਾਲ ਲਗਦੀ ਇਕ ਕੰਧ ਵਿਚ ਵੱਡਾ ਸੁਰਾਖ਼ ਕਰਕੇ ਸ਼ੋਅਰੂਮ ਦੇ ਅੰਦਰ ਦਾਖ਼ਲ ਹੋਏ ਸਨ।

ਪੁਲਿਸ ਨੇ ਘਟਨਾ ਵਿਚ ਸ਼ਾਮਲ ਮਣੀਕੰਡਨ ਨਾਂਅ ਦੇ ਇਕ ਵਿਅਕਤੀ ਨੂੰ ਇਕ ਪੁਲਿਸ ਨਾਕੇ ’ਤੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਸੋਨਾ ਲੈ ਕੇ ਕਾਰ ਰਾਹੀਂ ਕਿਤੇ ਜਾ ਰਿਹਾ ਸੀ। ਉਸ ਕੋਲੋਂ 5 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਜਦੋਂ ਗੋਲਡ ਬਾਰ ਕੋਡ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਉਹੀ ਸੋਨੇ ਦੇ ਗਹਿਣੇ ਹਨ, ਜਿਸ ਨੂੰ ਲਲਿਤਾ ਜਵੈਲਰੀ ਸ਼ੋਅਰੂਮ ਤੋਂ ਚੋਰੀ ਕੀਤਾ ਗਿਆ ਸੀ। ਮਣੀਕੰਡਨ ਦਾ ਸਾਥੀ ਦੂਜਾ ਸਾਥੀ ਸੁਰੇਸ਼ ਅਜੇ ਪੁਲਿਸ ਦੀ ਪਕੜ ਵਿਚ ਨਹੀਂ ਆ ਸਕਿਆ। ਫਿਲਹਾਲ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਹੋਏ ਮੁਲਜ਼ਮ ਸੁਰੇਸ਼ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।