ਖੇਤੀ ਕਾਨੂੰਨਾਂ 'ਤੇ ਵਿਰੋਧੀਆਂ ਦੇ ਹਮਲੇ ਦੇ ਜਵਾਬ 'ਚ ਦਿੱਲੀ ਭਾਜਪਾ ਕਰੇਗੀ ਟਰੈਕਟਰ ਪੂਜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਖੇਤੀ ਕਾਨੂੰਨਾਂ ਨੂੰ ਸਾਬਤ ਕਰਨ ਲਈ ਭਾਜਪਾ ਵੀ ਲੈ ਰਹੀ ਰੈਲੀਆਂ ਦਾ ਸਹਾਰਾ

Delhi BJP

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੁੰ ਲੈ ਕੇ ਕਿਸਾਨਾਂ ਦੇ ਸੰਘਰਸ਼ ਦੇ ਨਾਲ-ਨਾਲ ਸਿਆਸੀ ਦਲਾਂ ਵਿਚਾਲੇ ਘਮਾਸਾਨ ਜਾਰੀ ਹੈ। ਦਿੱਲੀ ਪ੍ਰਦੇਸ਼ ਭਾਜਪਾ ਨੇ ਵੀ ਖੇਤੀ ਕਾਨੂੰਨਾਂ 'ਤੇ ਵਿਰੋਧੀਆਂ ਦੇ ਹਮਲਿਆਂ ਦੇ ਜਵਾਬ 'ਚ ਟਰੈਕਟਰ ਪੂਜਾ ਅਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਆਗੂਆਂ ਨੇ ਦਸਿਆ ਕਿ 15 ਅਕਤੂਬਰ ਤਕ 365 ਪਿੰਡਾਂ ਨੂੰ ਕਵਰ ਕਰਨ ਵਾਲੀ ਮੁਹਿੰਮ ਦੀ ਤਿਆਰੀਆਂ 'ਤੇ ਸਨਿਚਰਵਾਰ ਨੂੰ ਨਵੇਂ ਨਿਯੁਕਤ ਕੀਤੇ ਅਧਿਕਾਰੀਆਂ ਦੀ ਬੈਠਕ 'ਚ ਚਰਚਾ ਕੀਤੀ ਗਈ।

ਦਿੱਲੀ ਭਾਜਪਾ ਦੇ ਜਨਰਲ ਸਕੱਤਰ ਅਤੇ ਮੁਹਿੰਮ ਦੇ ਕਨਵੀਨਰ ਕੁਲਜੀਤ ਚਹਿਲ ਨੇ ਦਸਿਆ, 'ਮੋਦੀ ਸਰਕਾਰ ਵਲੋਂ ਹਾਲ ਹੀ ਪਾਸ ਬਿਲਾਂ ਨੂੰ ਲੈ ਕੇ ਕਾਂਗਰਸ ਅਤੇ ਹੋਰ ਪਾਰਟੀਆਂ ਕਿਵੇਂ ਕਿਸਾਨਾਂ ਨੂੰ ਗੁਮਰਾਹ ਕਰ ਰਹੀਆਂ ਹਨ, ਉਸਦਾ ਪਰਦਾਫਾਸ਼ ਕਰਨ ਲਈ ਟਰੈਕਟਰ ਪੂਜਾ ਅਤੇ ਟਰੈਕਟਰ ਰੈਲੀਆਂ ਅਹਿਮ ਹਿੱਸਾ ਹੋਣਗੀਆਂ।''

'ਕਿਸਾਨ ਵਿਰੋਧੀ' ਖੇਤੀਬਾੜੀ ਕਾਨੂੰਨਾ ਦੇ ਖ਼ਿਲਾਫ਼ 'ਸੋਮਵਾਰ ਨੂੰ ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ 'ਤੇ ਇਕ ਟਰੈਕਟਰ ਨੂੰ ਅੱਗ ਲਗਾ ਦਿਤੀ ਸੀ। ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੀਰੇਂਦਰ ਸਿੰਘ ਢਿੱਲੋਂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਭਾਜਪਾ ਨੇ ਕਾਂਗਰਸ 'ਤੇ ਮਾਹੌਲ ਨੂੰ ਖ਼ਰਾਬ ਕਰਨ ਅਤੇ ਟਰੈਕਟਰ ਸਾੜ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਚਹਿਲ ਨੇ ਕਿਹਾ, ''ਟਰੈਕਟਰ ਪੂਜਾ ਕਰ ਕੇ ਅਤੇ ਰੈਲੀਆਂ ਰਾਹੀਂ ਅਸੀਂ ਦਿਖਾਵਾਂਗੇ ਕਿ ਟਰੈਕਟਰ ਕਿਸਾਨਾਂ ਦੀ ਖ਼ੁਸ਼ਹਾਲੀ ਦਾ ਸਰੋਤ ਹੈ ਅਤੇ ਕਾਂਗਰਸ ਨੂੰ ਉਨ੍ਹਾਂ ਦੀ ਭਲਾਈ ਬਾਰੇ ਕੋਈ ਚਿੰਤਾ ਨਹੀਂ ਹੈ।''

ਕਾਬਲੇਗੌਰ ਹੈ ਕਿ ਭਾਜਪਾ ਭਾਵੇਂ ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਰੈਲੀਆਂ ਦਾ ਸਹਾਰਾ ਲੈਣ ਦੀ ਤਿਆਰੀ ‘ਚ ਹੈ, ਪਰ ਉਸ ਲਈ ਇਹ ਰਾਹ ਫਿਲਹਾਲ ਇੰਨਾ ਆਸਾਨ ਨਹੀਂ ਹੈ। ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਦੇ ਸੰਘਰਸ਼ ਨੂੰ ਮਿਲ ਰਿਹਾ ਆਮ ਲੋਕਾਂ ਦੇ ਨਾਲ ਨਾਲ ਸਿਆਸੀ ਦਲਾਂ ਦਾ ਸਮਰਥਨ ਭਾਜਪਾ ਦੀ ਚਿੰਤਾ ਵਧਾ ਰਿਹਾ ਹੈ। ਪੱਛਮੀ ਬੰਗਾਲ ‘ਚ ਤਾਂ ਭਾਜਪਾ ਵਰਕਰਾਂ ਨਾਲ ਕੁਟਮਾਰ ਦੀ ਘਟਨਾ ਵੀ ਵਾਪਰ ਚੁਕੀ ਹੈ। ਇਸ ਵਿਰੋਧ ਦੀ ਪਿਰਤ ਭਾਜਪਾ ਵੀ ਪਾਉਂਦੀ ਵਿਖਾਈ ਦੇ ਰਹੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਰਾਹੁਲ ਗਾਂਧੀ ਦੇ ਹਰਿਆਣਾ ‘ਚ ਦਾਖਲੇ ਨੂੰ ਰੋਕਣ ਦੀ ਗੱਲ ਕਰ ਰਹੀ ਹੈ, ਜਿਸ ਤੋਂ ਬਾਅਦ ਅਜਿਹੇ ਵਿਰੋਧਾਂ ਦਾ ਸਿਲਸਿਲਾ ਸ਼ੁਰੂ ਹੋਣ ਦੀਆਂ ਸ਼ੰਕਾਵਾਂ ਪੈਦਾ ਹੋ ਗਈਆਂ ਹਨ।