9 ਸਾਲ ਬਾਅਦ ਨਵੰਬਰ ਮਹੀਨੇ ਹੋਈ ਕਸ਼ਮੀਰ 'ਚ ਬਰਫਬਾਰੀ, ਕੇਦਾਰਨਾਥ 'ਚ ਮਾਇਨਸ 6 ਡਿਗਰੀ ਪਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2009 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਸ਼ਮੀਰ ਵਿਚ ਨਵੰਬਰ ਮਹੀਨੇ ਬਰਫਬਾਰੀ ਹੋਈ।

Peer ki gali kashmir

ਸ਼੍ਰੀਨਗਰ , ( ਭਾਸ਼ਾ ) : ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਭਾਰੀ ਮੀਂਹ ਅਤੇ ਬਰਫਬਾਰੀ ਨਾਲ ਕੇਦਾਰਨਾਥ ਘਾਟੀ ਦੇ ਉੱਚ ਇਲਾਕਿਆਂ ਵਿਚ ਤਾਪਮਾਨ ਮਾਈਨਸ 5.1 ਡਿਗੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਸ਼ਮੀਰ ਘਾਟੀ ਦਾ ਦੇਸ਼ ਦੇ ਬਾਕੀ ਹਿੱਸੇ ਦੀ ਜ਼ਮੀਨ ਅਤੇ ਹਵਾਈ ਸੰਪਰਕ ਕੱਟ ਗਿਆ ਹੈ। 2009 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ

ਕਿ ਕਸ਼ਮੀਰ ਵਿਚ ਨਵੰਬਰ ਮਹੀਨੇ ਬਰਫਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਪਿਛਲੇ ਦੋ ਦਹਾਕਿਆਂ ਵਿਚ ਸਿਰਫ ਇਹ ਚੌਥਾ ਮੌਕਾ ਹੈ ਜਦੋਂ ਸ਼੍ਰੀਨਗਰਗ ਵਿਚ ਨਵੰਬਰ ਮਹੀਨੇ ਬਰਫ ਪਈ। ਘਾਟੀ ਦੇ ਕਈ ਜ਼ਿਲ੍ਹਿਆਂ ਵਿਚ ਵੀ ਬਰਫ ਪਈ ਹੈ। ਇਕ ਟਰੈਫਿਕ ਅਧਿਕਾਰੀ ਮੁਤਾਬਕ ਬਰਫਬਾਰੀ ਨਾਲ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਇਸ ਨਾਲ ਵਾਹਨਾਂ ਦੀ ਲੰਮੀ ਕਤਾਰ ਬਣ ਗਈ ਹੈ।

ਕਈ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਵੀ ਰੁਕੀ ਰਹੀ। ਸ਼੍ਰੀਨਗਰ ਇੰਟਰਨੈਸ਼ਨਲ ਏਅਰਪੋਰਟ ਤੋਂ ਉੜਾਨਾਂ ਦੀ ਆਵਾਜਾਈ ਬੰਦ ਰਹੀ। ਬਰਫਬਾਰੀ ਨਾਲ ਘਾਟੀ ਦਾ ਤਾਪਮਾਨ 10 ਡਿਗਰੀ ਸੈਲਸੀਅਸ ਹੇਠ ਡਿੱਗ ਗਿਆ। ਮੌਮਸ ਵਿਭਾਗ ਮੁਤਾਬਕ ਅਗਲੇ 24 ਘੰਟਿਆ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਕਸ਼ਮੀਰ ਦੀ ਪੀਰ ਦੀ ਗਲੀ ਸਥਿਤ ਮੁਗਲ ਰੋਡ ਵਿਚ ਬਰਫ ਵਿਚ ਫੰਸੇ ਹੋਏ 120 ਲੋਕ ( ਜਿਆਦਾਤਰ ਡਰਾਈਵਰ ) ਨੂੰ ਬਾਹਰ ਕੱਢਿਆ ਗਿਆ। ਇਥੇ 3 ਫੁੱਟ ਤੱਕ ਬਰਫਬਾਰੀ ਹੋਈ ਸੀ।

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਤੋਂ ਰਾਜੋਰੀ ਅਤੇ ਪੂੰਛ ਦਾ ਸੰਪਰਕ ਕੱਟ ਗਿਆ ਹੈ। ਹਿਮਾਚਲ ਦੇ ਕਿਨੌਰ ਜ਼ਿਲ੍ਹੇ ਦੇ ਕਲਪਾ ਵਿਚ 16 ਸੈਂਟੀਮੀਟਰ ਬਰਫਬਾਰੀ ਹੋਈ। ਰਾਜ ਵਿਚ ਸੱਭ ਤੋਂ ਘੱਟ ਤਾਪਮਾਨ ਲਾਹੌਲ-ਸਪੀਤੀ ਦੇ ਕੇਲਾਂਗ ਵਿਚ ਮਾਈਨਸ 1.3 ਡਿਗਰੀ ਦਰਜ਼ ਕੀਤਾ ਗਿਆ। ਦੂਜੇ ਪਾਸੇ ਉਤਰਾਖੰਡ ਦੇ ਬਦਰੀਨਾਥ ਵਿਖੇ ਇਕ ਇੰਚ, ਕੇਦਾਰਨਾਥ ਵਿਚ 2.5 ਇੰਚ, ਗੰਗੋਤਰੀ-ਯਮਨੋਤਰੀ ਵਿਖੇ 2 ਇੰਚ ਬਾਰਸ਼ ਦਰਜ਼ ਕੀਤੀ ਗਈ। ਮੈਦਾਨੀ ਇਲਾਕਿਆਂ ਵਿਚ ਵੀ ਮੀਂਹ ਪਿਆ ਹੈ। ਕੇਦਾਰਨਾਥ ਵਿਚ ਮਾਈਨਸ 6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।