ਦੋ ਕੇਂਦਰੀ ਮੰਤਰੀਆਂ ਦੇ Tweets ‘ਤੇ ਫੁੱਟ ਰਿਹੈ ਲੋਕਾਂ ਦਾ ਗੁੱਸਾ
ਪ੍ਰਦੂਸ਼ਣ ਨੂੰ ਲੈ ਕੇ ਇਕ ਨੇ ਲਿਖਿਆ ‘ਸੰਗੀਤ ਨਾਲ ਕਰੋ ਸਵੇਰ ਦੀ ਸ਼ੁਰੂਆਤ’, ਤਾਂ ਦੂਜੇ ਬੋਲੇ ‘ਗਾਜਰ ਖਾਓ’।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਵਾ ਚਿੰਤਾਜਨਕ ਪੱਧਰ ‘ਤੇ ਪਹੁੰਚ ਗਈ ਹੈ ਅਤੇ ਲੋਕ ਪ੍ਰਦੂਸ਼ਣ ਤੋਂ ਪਰੇਸ਼ਾਨ ਹਨ। ਇਸੇ ਦੌਰਾਨ ਦੋ ਕੇਂਦਰੀ ਮੰਤਰੀਆਂ ਨੇ ਅਜਿਹੇ ਟਵੀਟ ਕੀਤੇ ਹਨ, ਜਿਨ੍ਹਾਂ ਨੂੰ ਲੈ ਕੇ ਲੋਕ ਨਰਾਜ਼ਗੀ ਜਤਾ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਉਹਨਾਂ ਨੂੰ ਟਰੋਲ ਕਰ ਰਹੇ ਹਨ। ਦਰਅਸਲ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਟਵੀਟ ਕਰ ਲੋਕਾਂ ਨੂੰ ਸਵੇਰੇ ਸੰਗੀਤ ਸੁਣਨ ਦੀ ਸਲਾਹ ਦਿੱਤੀ।
ਦੂਜੇ ਪਾਸੇ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਗਾਜਰ ਖਾਣ ਦੀ ਸਲਾਹ ਦਿੱਤੀ। ਇਹਨਾਂ ਟਵੀਟਸ ‘ਤੇ ਲੋਕਾਂ ਦਾ ਗੁੱਸਾ ਫੁੱਟ ਗਿਆ ਅਤੇ ਉਹਨਾਂ ਨੇ ਦੋਵੇਂ ਮੰਤਰੀਆਂ ਨੂੰ ਟਰੋਲ ਕੀਤਾ। ਦੱਸ ਦਈਏ ਕਿ ਪ੍ਰਕਾਸ਼ ਜਾਵੇਡਕਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਅਪਣੇ ਦਿਨ ਦੀ ਸ਼ੁਰੂਆਤ ਸੰਗੀਤ ਦੇ ਨਾਲ ਕਰੋ। ਹੇਠਾਂ ਮਸ਼ਹੂਰ ਵੀਣਾ ਵਾਦਕ ਏਮਾਨੀ ਸ਼ੰਕਰ ਸ਼ਾਸਤਰੀ ਦੀ ਕੰਪੋਜ਼ੀਸ਼ਨ ‘ਸਵਾਗਤਮ’ ਦਾ ਲਿੰਕ ਦਿੱਤਾ ਗਿਆ ਹੈ। ਅਜਿਹੀ ਹੀ ਹੋਰ ਕੰਪੋਜ਼ੀਸ਼ਨ ਲਈ ਪ੍ਰਸਾਰ ਭਾਰਤੀ ਦੇ ਲਿੰਕ ‘ਤੇ ਕੀਤਾ ਜਾ ਸਕਦਾ ਹੈ’।
ਉੱਥੇ ਹੀ ਡਾਕਟਰ ਹਰਸ਼ਵਰਧਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਗਾਜਰ ਖਾਣ ਨਾਲ ਸਰੀਰ ਨੂੰ ਵਿਟਾਮਨ ਏ, ਪੋਟਾਸ਼ੀਅਮ ਅਤੇ ਐਂਟੀ ਆਕਸੀਡੈਂਟ ਮਿਲਦੇ ਹਨ ਜੋ ਕਿ ਰਾਤ ਦੇ ਅੰਨ੍ਹੇਪਣ ਤੋਂ ਬਚਾਉਂਦਾ ਹੈ। ਗਾਜਰ ਨਾਲ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਪਰੇਸ਼ਾਨੀਆਂ ਨਾਲ ਵੀ ਸਰੀਰ ਨੂੰ ਬਚਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਹਵਾ ਬੇਹੱਦ ਖ਼ਰਾਬ ਹੋ ਗਈ ਹੈ, ਜਿਸ ਦੇ ਚਲਦਿਆਂ ਦਿੱਲੀ 'ਚ ਜਿਸਤ-ਟਾਂਕ (Odd-Even) ਨਿਯਮ ਅੱਜ 4 ਨਵੰਬਰ ਤੋਂ ਲਾਗੂ ਹੋ ਗਿਆ ਹੈ ਅਤੇ ਇਹ 15 ਨਵੰਬਰ ਤਕ ਚਲੇਗਾ। ਹਵਾ 'ਚ ਫੈਲੇ ਧੂੰਏਂ ਕਾਰਨ ਸਾਹ ਲੈਣ 'ਚ ਤਕਲੀਫ਼ ਅਤੇ ਅੱਖਾਂ 'ਚ ਜਲਣ ਦੀ ਸ਼ਿਕਾਇਤ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ। ਨਿਯਮ ਨਾ ਮੰਨਣ ਵਾਲੇ ਵਾਹਨ ਚਾਲਕਾਂ 'ਤੇ 4000 ਰੁਪਏ ਦਾ ਜੁਰਮਾਨਾ ਲੱਗੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।