ਦਿੱਲੀ ਹਾਈ ਕੋਰਟ ਨੇ ਕੇਂਦਰ, ਦਿੱਲੀ ਸਰਕਾਰ ਅਤੇ ਬਾਰ ਐਸੋਸੀਏਸ਼ਨ ਨੂੰ ਜਾਰੀ ਕੀਤਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਕੀਲਾਂ ਅਤੇ ਪੁਲਿਸ ਵਿਚਕਾਰ ਝੜਪ ਦਾ ਮਾਮਲਾ

Tis Hazari Court violence: Delhi HC issues notices to Centre, Bar council, Delhi Government

ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਵਕੀਲਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹਿੰਸਕ ਝੜਪ ਦਾ ਦਿੱਲੀ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਹੈ। ਇਸ ਮਾਮਲੇ 'ਚ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਬਾਰ ਕੌਂਸਲ ਆਫ਼ ਇੰਡੀਆ, ਬਾਰ ਕੌਂਸਲ ਆਫ਼ ਦਿੱਲੀ, ਸਾਰੇ ਜ਼ਿਲ੍ਹਿਆਂ ਦੀ ਬਾਰ ਕੌਂਸਲ ਅਤੇ ਦਿੱਲੀ ਹਾਈ ਕੋਰਟ ਦੀ ਬਾਰ ਕੌਂਸਲ ਨੂੰ ਨੋਟਿਸ ਜਾਰੀ ਕੀਤਾ ਹੈ।

ਅਦਾਲਤ ਨੇ ਕਿਹਾ, "ਅਸੀ ਕਲ੍ਹ ਵੀ 4 ਘੰਟੇ ਬੈਠੇ ਸੀ ਅਤੇ ਅੱਜ ਵੀ ਬੈਠੇ ਹਾਂ। ਅਸੀ ਚਾਹੁੰਦੇ ਹਾਂ ਕਿ ਮਾਮਲਾ ਆਪਸੀ ਸਹਿਮਤੀ ਨਾਲ ਸੁਲਝ ਜਾਵੇ। ਇਸ ਦੇ ਲਈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਵਕੀਲਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਜੰਮ ਕੇ ਮਾਰਕੁੱਟ ਅਤੇ ਅੱਗਜਨੀ ਹੋਈ ਸੀ। ਇਸ ਮਾਮਲੇ 'ਚ ਦੋਵੇਂ ਧਿਰਾਂ ਇਕ-ਦੂਜੇ 'ਤੇ ਦੋਸ਼ ਲਗਾ ਰਹੀਆਂ ਹਨ। ਦਰਅਸਲ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਸਨਿਚਰਵਾਰ ਦੁਪਹਿਰ ਹੋਈ। ਲਗਭਗ 2.30 ਵਜੇ ਇਕ ਵਕੀਲ ਨੇ ਜਦੋਂ ਲਾਕਅਪ ਦੇ ਬਾਹਰ ਆਪਣੀ ਕਾਰ ਪਾਰਕ ਕੀਤੀ ਤਾਂ ਲਾਕਅਪ ਦੀ ਸੁਰੱਖਿਆ 'ਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਉਸ ਨਾਲ ਬਹਿਸ ਹੋ ਗਈ।

ਇਸ ਬਹਿਸ ਤੋਂ ਬਾਅਦ ਵਕੀਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਪੁਲਿਸ ਵਾਲੇ ਦਾ ਕੁਟਾਪਾ ਚਾੜ੍ਹ ਦਿੱਤਾ। ਦੁਪਹਿਰ ਲਗਭਗ 2.40 ਵਜੇ ਸਥਾਨਕ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਣ 'ਤੇ ਪੁਲਿਸ ਵਾਲੇ ਇਕੱਠਾ ਹੋ ਗਏ ਅਤੇ ਵੇਖਦੇ-ਵੇਖਦੇ ਮਾਹੌਲ ਹਿੰਸਕ ਝੜਪ 'ਚ ਬਦਲ ਗਿਆ। ਪੁਲਿਸ ਵਾਲੇ ਇਕ ਵਕੀਲ ਨੂੰ ਕੁੱਟਦੇ ਹੋਏ ਲਾਕਅਪ ਅੰਦਰ ਲੈ ਗਏ। ਉਸ ਨੂੰ ਛੁਡਾਉਣ ਲਈ ਵਕੀਲਾਂ ਦਾ ਝੁੰਡ ਲਾਕਅਪ 'ਚ ਦਾਖ਼ਲ ਹੋ ਗਿਆ ਅਤੇ ਪੁਲਿਸ ਵਾਲਿਆਂ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ। ਇਕ ਪੁਲਿਸ ਵਾਲੇ ਨੂੰ ਬੈਲਟ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਬੇਹੋਸ਼ ਹੋ ਗਿਆ।

ਦੁਪਹਿਰ 3.15 ਵਜੇ ਉੱਤਰੀ ਦਿੱਲੀ ਦੇ ਅਡੀਸ਼ਨਲ ਡੀ.ਸੀ.ਪੀ. ਫ਼ੋਰਸ  ਨਾਲ ਤੀਸ ਹਜ਼ਾਰੀ ਅਦਾਲਤ ਪੁੱਜੇ। ਵਕੀਲਾਂ ਨੇ ਉਨ੍ਹਾਂ ਨੂੰ ਵੀ ਕੁੱਟਿਆ। ਉਹ ਆਪਣੀ ਜਾਨ ਬਚਾਉਣ ਲਈ ਲਾਕਅਪ ਅੰਦਰ ਚਲੇ ਗਏ। ਇਸ ਵਿਚਕਾਰ ਪੁਲਿਸ ਨੇ ਕਥਿਤ ਤੌਰ 'ਤੇ ਗੋਲੀਬਾਰੀ ਕੀਤੀ। ਦੋਸ਼ ਹੈ ਕਿ ਇਸ ਗੋਲੀਬਾਰੀ 'ਚ ਵਿਜੇ ਵਰਮਾ ਅਤੇ ਰਵੀ ਨਾਂ ਦੇ ਦੋ ਵਕੀਲਾਂ ਨੂੰ ਗੋਲੀਆਂ ਲੱਗੀਆਂ। ਉਸ ਤੋਂ ਬਾਅਦ ਵਕੀਲਾਂ ਨੇ ਕਈ ਗੱਡੀਆਂ 'ਚ ਅੱਗ ਲਗਾ ਦਿੱਤੀ।

ਵਕੀਲਾਂ ਨੇ ਅਦਾਲਤ ਦੇ ਸਾਰੇ ਗੇਟ ਬੰਦ ਕਰ ਕੇ ਵੀਡੀਓ ਬਣਾ ਰਹੇ ਲੋਕਾਂ ਦੇ ਮੋਬਾਈਲ ਤੋੜ ਦਿੱਤੇ। ਕਈ ਪੱਤਰਕਾਰਾਂ ਨੂੰ ਵੀ ਕੁੱਟਿਆ। ਸ਼ਾਮ 4.15 ਵਜੇ ਸਪੈਸ਼ਲ ਕਮਿਸ਼ਨਰ ਸੰਜੇ ਸਿੰਘ ਪੁੱਜੇ। ਉਸ ਤੋਂ ਬਾਅਦ ਪੁਲਿਸ ਨੇ ਵਕੀਲਾਂ 'ਤੇ ਲਾਠੀਚਾਰਜ ਕੀਤਾ ਅਤੇ ਅਡੀਸ਼ਨਲ ਡੀ.ਸੀ.ਪੀ. ਨੂੰ ਲਾਕਅਪ 'ਚੋਂ ਬਾਹਰ ਕੱਢਿਆ। ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਕਈ ਵਕੀਲਾਂ ਦੀਆਂ ਗੱਡੀਆਂ ਅਤੇ ਚੈਂਬਰਾਂ 'ਚ ਤੋੜਭੰਨ ਕੀਤੀ। ਇਸ ਪੂਰੀ ਘਟਨਾ 'ਚ 8 ਵਕੀਲਾਂ ਸਮੇਤ 28 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਦੀ ਐਸ.ਆਈ.ਟੀ. ਕਰ ਰਹੀ ਹੈ।