ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਪਤੀ ਨੇ ਕੀਤਾ ਇਹ ਕੰਮ, NIA ਕਰੇਗੀ ਜਾਂਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਰੋਪੀ ਵਿਅਕਤੀ ਨੂੰ ਦਿੱਲੀ ਪੁਲਿਸ ਨੇ ਬਵਾਨਾ ਤੋਂ ਕੀਤਾ ਸੀ ਗ੍ਰਿਫਤਾਰ

National Investigation Agency

ਨਵੀਂ ਦਿੱਲੀ: ਘਰਵਾਲੀ ਨੂੰ ਦੁਬਈ ਜਾਣ ਤੋਂ ਰੋਕਣ ਲਈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਮਨੁੱਖੀ ਬੰਬ ਦੀ ਜਾਣਕਾਰੀ ਦੇਣ ਵਾਲੇ ਮਾਮਲੇ ਦੀ ਪੜਤਾਲ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਕਰੇਗੀ। ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।

ਘਟਨਾ 8 ਅਗਸਤ ਦੀ ਹੈ ਜਦੋਂ ਨਾਰਾਜ਼ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਪਤੀ ਨੇ ਆਈਜੀਆਈ ਏਅਰਪੋਰਟ 'ਤੇ ਫੋਨ ਕਰਕੇ ਆਪਣੀ ਘਰਵਾਲੀ ਨੂੰ ਮਨੁੱਖੀ ਬੰਬ ਦੱਸ ਦਿੱਤਾ ਸੀ। ਜਿਸ ਤੋਂ ਬਾਅਦ ਟਰਮੀਨਲ 3 ਉੱਤੇ ਹੜਕੰਪ ਮੱਚ ਗਿਆ ਸੀ। ਫਲਾਈਟ ਨੂੰ ਰੋਕ ਕੇ ਔਰਤ ਦੀ ਜਾਂਚ ਕੀਤੀ ਗਈ ਤਾਂ ਖ਼ਬਰ ਝੂਠੀ ਨਿਕਲੀ। ਇਸ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਆਰੋਪੀ ਨਸੀਰੂਦੀਨ ਨੂੰ 15 ਅਗਸਤ ਵਾਲੇ ਦਿਨ ਬਵਾਨਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਇਸ ਮਾਮਲੇ ਨੂੰ ਐਨਆਈਏ ਕੋਲ ਸੌਂਪ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਦਿੱਲੀ ਏਅਰਪੋਰਟ ਉੱਤੇ ਇੱਕ ਵਿਅਕਤੀ ਨੇ ਫੋਨ ਕੀਤਾ ਅਤੇ ਕਿਹਾ ਕਿ ਜਮੀਨਾ ਨਾਮ ਦੀ ਔਰਤ ਹੈ ਜੋ ਕਿ ਮਨੁੱਖੀ ਬੰਬ ਹੈ। ਜਮੀਨਾ ਦੁਬਈ ਜਾਂ ਸਾਊਦੀ ਜਾਣ ਵਾਲੀ ਕਿਸੇ ਵੀ ਫਲਾਈਟ ਨੂੰ ਉੱਡਾ ਸਕਦੀ ਹੈ। ਜਾਣਕਾਰੀ ਮਿਲਦੇ ਹੀ ਏਅਰਪੋਰਟ 'ਤੇ ਹਲਚਲ ਮੱਚ ਗਈ। ਸੁਰੱਖਿਆ ਟੀਮ ਨੇ ਕਈ ਘੰਟਿਆਂ ਤੱਕ ਹਰ ਫਲਾਈਟ ਦੀ ਜਾਂਚ ਕੀਤੀ ਸੀ। ਪਰ ਜਦੋਂ ਬੰਬ ਸਕੂਐਡ ਟੀਮ ਨੂੰ ਕੁੱਝ ਵੀ ਨਾ ਮਿਲਿਆ ਤਾਂ ਇਹ ਫਰਜ਼ੀ ਫੋਨ ਕਾਲ ਕਰਾਰ ਦਿੱਤੀ ਗਈ ਸੀ। ਜਿਸ ਦੀ ਜਾਣਕਾਰੀ ਮਿਲਣ 'ਤੇ ਦਿੱਲੀ ਪੁਲਿਸ ਵੀ ਹਰਕਤ ਵਿਚ ਆ ਗਈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਫੋਨ ਕਰਨ ਵਾਲੇ ਵਿਅਕਤੀ ਨੂੰ ਜਦੋਂ ਦਿੱਲੀ ਦੇ ਬਵਾਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਖੁਦ ਕਬੂਲਿਆ ਸੀ ਕਿ ਉਸ ਦੀ ਘਰਵਾਲੀ ਭਾਰਤ ਤੋਂ ਬਾਹਰ ਜਾ ਰਹੀ ਸੀ। ਘਰਵਾਲੀ ਦਾ ਜਾਣਾ ਉਸ ਨੂੰ ਰਾਸ ਨਾ ਆਇਆ ਅਤੇ ਉਸ ਨੇ ਆਪਣੀ ਹੀ ਘਰਵਾਲੀ ਨੂੰ ਮਨੁੱਖੀ ਬੰਬ ਕਰਾਰ ਦੱਸਦੇ ਹੋਏ ਫੋਨ ਕੀਤਾ ਸੀ।