Odd-Even ਨਿਯਮ ਦੀ ਉਲੰਘਣਾ ਕਰਨ 'ਤੇ ਭਾਜਪਾ ਆਗੂ ਦਾ ਕੱਟਿਆ ਚਲਾਨ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਰਾਮਾ ਕਰ ਰਹੀ ਹੈ ਕੇਜਰੀਵਾਲ ਸਰਕਾਰ : ਭਾਜਪਾ ਆਗੂ
ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਨਿਰਦੇਸ਼ 'ਤੇ ਰਾਜਧਾਨੀ 'ਚ ਅੱਜ ਤੋਂ ਜਿਸਤ-ਟਾਂਕ (Odd-Even) ਸਕੀਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਉਥੇ ਹੀ ਭਾਜਪਾ ਸਰਕਾਰ ਵਲੋਂ ਦਿੱਲੀ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਰੋਧ ਪ੍ਰਗਟਾਉਣ ਲਈ ਭਾਜਪਾ ਆਗੂ ਵਿਜੇ ਗੋਇਲ ਸੋਮਵਾਰ ਨੂੰ ਆਪਣੀ ਜਿਸਤ ਨੰਬਰ ਦੀ ਗੱਡੀ 'ਚ ਘਰ ਤੋਂ ਨਿਕਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਹੋ ਗਿਆ। ਭਾਜਪਾ ਆਗੂ ਦਾ ਕਹਿਣਾ ਹੈ ਕਿ ਇਸ ਨਿਯਮ ਨੂੰ ਲਾਗੂ ਕਰਨਾ ਕੇਜਰੀਵਾਲ ਸਰਕਾਰ ਦੀ ਇਕ ਨੌਟੰਕੀ ਹੈ।
ਵਿਜੇ ਗੋਇਲ ਨੇ ਕਿਹਾ ਕਿ ਦਿੱਲੀ ਸਰਕਾਰ ਖੁਦ ਮੰਨ ਰਹੀ ਹੈ ਕਿ ਪ੍ਰਦੂਸ਼ਣ ਪਰਾਲੀ ਸਾੜਨ ਕਾਰਨ ਹੋ ਰਿਹਾ ਹੈ। ਸੋਮਵਾਰ ਨੂੰ ਦਿੱਲੀ 'ਚ ਸਿਰਫ਼ ਟਾਂਕ ਨੰਬਰ ਦੀਆਂ ਗੱਡੀਆਂ ਹੀ ਚੱਲੀਆਂ, ਜਦਕਿ ਭਾਜਪਾ ਵਲੋਂ ਕੇਜਰੀਵਾਲ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਚੋਣ ਸਟੰਟ ਦੱਸ ਰਹੀ ਹੈ। ਉਥੇ ਹੀ ਆਮ ਆਦਮੀ ਪਾਰਟੀ ਇਸ ਨੂੰ ਦਿੱਲੀ 'ਚ ਪ੍ਰਦੂਸ਼ਣ ਘੱਟ ਕਰਨ ਦਾ ਤਰੀਕਾ ਦੱਸ ਰਹੀ ਹੈ। ਦਿੱਲੀ ਸਰਕਾਰ ਦੇ ਇਸ ਫ਼ੈਸਲੇ 'ਤੇ ਵਿਜੇ ਗੋਇਲ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਇਸ ਨਿਯਮ ਦੀ ਉਲੰਘਣਾ ਕਰਨਗੇ ਅਤੇ ਜੁਰਮਾਨਾ ਵੀ ਭਰਨਗੇ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਟ੍ਰੈਫ਼ਿਕ ਪੁਲਿਸ ਵਲੋਂ 4000 ਰੁਪਏ ਦਾ ਚਲਾਨ ਕੱਟੇ ਜਾਣ ਮਗਰੋਂ ਗੋਇਲ ਨੇ ਕਿਹਾ, "ਇਹ ਮੇਰਾ ਸੰਕੇਤਕ ਵਿਰੋਧ ਹੈ। 5 ਸਾਲ 'ਚ ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਘੱਟ ਕਰਨ ਦੀ ਦਿਸ਼ਾ 'ਚ ਕੋਈ ਕਦਮ ਨਹੀਂ ਚੁੱਕਿਆ। ਜਿਸਤ-ਟਾਂਕ 'ਚ ਉਨ੍ਹਾਂ ਨੇ ਸਾਰੀ ਛੋਟ ਦਿੱਤੀ ਹੋਈ ਹੈ ਤਾਂ ਫਿਰ ਲੋਕਾਂ ਦੇ ਕਰੋੜਾਂ ਰੁਪਏ ਕਿਉਂ ਖ਼ਰਚ ਕੀਤਾ ਜਾ ਰਹੇ ਹਨ? ਖੁਦ ਉਹ ਕਹਿੰਦੇ ਹਨ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੋ ਰਿਹਾ ਹੈ।"
ਜ਼ਿਕਰਯੋਗ ਹੈ ਕਿ ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ 'ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ। ਦਿੱਲੀ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਓਡ-ਈਵਨ ਨਿਯਮ ਲਾਗੂ ਹੋਵੇਗਾ। ਓਡ-ਈਵਨ ਨਿਯਮ ਸਵੇਰੇ 8 ਤੋਂ ਰਾਤ 8 ਵਜੇ ਤਕ ਲਾਗੂ ਰਹੇਗਾ।