ਪੰਜਾਬ 'ਚ ਰੇਲਵੇ ਨੂੰ ਹੁਣ ਤੱਕ 1200 ਕਰੋੜ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਗਭਗ 1350 ਨੂੰ ਰੱਦ ਜਾਂ ਉਨ੍ਹਾਂ ਦਾ ਮਾਰਗ ਬਦਲਣ ਲਈ ਹੋਣਾ ਪਿਆ ਮਜਬੂਰ

Piyush

ਨਵੀਂ ਦਿੱਲੀ, 4 ਨਵੰਬਰ : ਪੰਜਾਬ ਵਿਚ ਨਵੇਂ ਖੇਤੀਕਾਨੂੰਨਾਂ ਵਿਰੁਧ ਰੇਲ ਪਟੜੀਆਂ 'ਤੇ ਵਿਰੋਧ ਪ੍ਰਦਰਸ਼ਨ ਕਾਰਨ ਰੇਲਵੇ ਨੂੰ 1200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਇਕ ਰਿਪੋਰਟ ਵਿਚ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖ਼ਬਰ ਦਿਤੀ ਗਈ ਹੈ। ਰੇਲਵੇ ਦੇ ਅੰਕੜਿਆਂ ਮੁਤਾਬਕ, ਹੁਣ ਤਕ ਜ਼ਰੂਰੀ ਸਮਾਨ ਲਿਜਾਣ ਵਾਲੀਆਂ 2225 ਤੋਂ ਵੱਧ ਮਾਲਗੱਡੀਆਂ ਦਾ ਸੰਚਾਲਨ ਨਹੀਂ ਹੋ ਸਕਿਆ ਹੈ,

ਜਦੋਂ ਕਿ ਲਗਭਗ 1350 ਨੂੰ ਰੱਦ ਜਾਂ ਉਨ੍ਹਾਂ ਦਾ ਮਾਰਗ ਬਦਲਣ ਲਈ ਮਜਬੂਰ ਹੋਣਾ ਪਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪਲੇਟਫਾਰਮ ਜਾਂ ਰੇਲ ਪਟੜੀਆਂ ਦੇ ਨਜ਼ਦੀਕ ਧਰਨੇ-ਪ੍ਰਦਰਸ਼ਨ ਜਾਰੀ ਹਨ। ਸੁਰੱਖਿਆ ਕਾਰਨਾਂ ਕਰ ਕੇ ਟਰੇਨਾਂ ਨੂੰ ਰੱਦ ਕਰਨਾ ਪੈ ਰਿਹਾ ਹੈ ਕਿਉਂਕਿ ਕੁਝ ਟਰੇਨਾਂ ਨੂੰ ਪ੍ਰਦਰਸ਼ਨਕਾਰੀ ਅਚਾਨਕ ਰੋਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੰਡਿਆਲਾ, ਨਾਭਾ, ਤਲਵੰਡੀ ਸਾਬੋ ਤੇ ਬਠਿੰਡਾ ਦੇ ਨਜ਼ਦੀਕ ਵੱਖ-ਵੱਖ ਸਥਾਨਾਂ 'ਤੇ ਮਾੜੀ-ਮੋਟੀ ਨਾਕੇਬੰਦੀ ਜਾਰੀ ਹੈ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਮਾਲ ਦੀ ਆਵਾਜ਼ਾਈ ਪ੍ਰਭਾਵਤ ਹੋਈ ਹੈ।

ਖੇਤੀ, ਉਦਯੋਗ ਅਤੇ ਬੁਨਿਆਦੀ ਢਾਂਚਾ ਖੇਤਰ ਲਈ ਜ਼ਰੂਰੀ ਸਾਮਾਨ ਪਹੁੰਚਾਉਣ 'ਤੇ ਬੁਰਾ ਅਸਰ ਪਿਆ ਹੈ। ਇਸ ਤੋਂ ਪਹਿਲਾਂ ਰੇਲ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਦੇ ਮੁੰਖ ਮੰਤਰੀ ਨੂੰ ਰੇਲਾਂ ਦੀ ਆਵਾਜ਼ਾਈ ਮੁੜ ਬਹਾਲ ਕਰਨ ਲਈ ਸੁਰੱਖਿਆ ਨੂੰ ਯਕੀਨੀ ਬਨਾਉਣ ਦਾ ਲਿਖਤੀ ਭਰੋਸਾ ਮੰਗਿਆ ਸੀ।