ਜੰਤਰ-ਮੰਤਰ 'ਤੇ ਬੋਲੇ ਪਰਮਿੰਦਰ ਢੀਂਡਸਾ- ਇਤਿਹਾਸ 'ਚ ਕਲੰਕ ਵਜੋਂ ਦੇਖਿਆ ਜਾਵੇਗਾ ਅੱਜ ਦਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨਾਲ ਮਤਭੇਦ ਪਹਿਲਾਂ ਵੀ ਸੀ ਤੇ ਅੱਗੇ ਵੀ ਰਹਿਣਗੇ ਪਰ ਅਸੀਂ ਕਿਸਾਨੀ ਲਈ ਇਕੱਠੇ ਹੋਏ ਹਾਂ- ਢੀਂਡਸਾ

Parminder Dhindsa

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਵਿਧਾਇਕਾਂ ਵੱਲੋਂ ਜੰਤਰ-ਮੰਤਰ ਵਿਖੇ ਸੰਕੇਤਕ ਧਰਨਾ ਜਾਰੀ ਹੈ। ਇਸ ਧਰਨੇ ਦੌਰਾਨ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਬੈਂਸ ਵੀ ਸ਼ਾਮਲ ਹੋਏ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪਰਮਿੰਦਰ ਢੀਂਡਸਾ ਅਤੇ ਸੁਖਪਾਲ ਖਹਿਰਾ ਦੇ ਵਿਚਕਾਰ ਬੈਠੇ ਦਿਖਾਈ ਦਿੱਤੇ। ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੁਲਾਕਾਤ ਲਈ ਸਮਾਂ ਨਾ ਦੇਣਾ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਉਹ ਕੋਈ ਅਪਣੇ ਮੁੱਦੇ ਲੈ ਕੇ ਨਹੀਂ ਆਏ ਬਲਕਿ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਲੈ ਕੇ ਦਿੱਲੀ ਆਏ ਹਨ।

ਢੀਂਡਸਾ ਨੇ ਕਿਹਾ ਕਿ ਉਹਨਾਂ ਦੇ ਕਾਂਗਰਸ ਨਾਲ ਪਹਿਲਾਂ ਵੀ ਮਤਭੇਦ ਸੀ ਤੇ ਅੱਗੇ ਵੀ ਰਹਿਣਗੇ ਪਰ ਅੱਜ ਅਸੀਂ ਕਿਸਾਨੀ ਲਈ ਇਕੱਠੇ ਹੋਏ ਹਾਂ, ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣਿਆ ਹੈ, ਉਹਨਾਂ ਲਈ ਇਕੱਠੇ ਹੋਏ ਹਾਂ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅੱਜ ਦਾ ਧਰਨਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਤਿਹਾਸ 'ਚ ਕਲੰਕ ਵਜੋਂ ਦੇਖਿਆ ਜਾਵੇਗਾ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅੱਜ ਕਿਸੇ ਵੀ ਕਿਸਾਨ ਜਥੇਬੰਦੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਪੰਜਾਬ ਨੇ ਕੇਂਦਰ ਦੇ ਕਾਨੂੰਨਾਂ ਨੂੰ ਸੋਧਣ ਲਈ ਕਾਨੂੰਨ ਪਾਸ ਕੀਤਾ ਤਾਂ ਪੰਜਾਬ ਖਿਲਾਫ਼ ਤਾਨਾਸ਼ਾਹੀ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਗਏ। ਪੰਜਾਬ ਵਿਚ ਜਾ ਰਹੀਆਂ ਮਾਲ ਗੱਡੀਆਂ ਨੂੰ ਰੋਕਿਆ ਗਿਆ। 

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਵਿਚ ਨਾ ਸ਼ਾਮਲ ਹੋਣਾ ਮੰਦਭਾਗਾ ਹੈ। ਉਹਨਾਂ ਨੇ ਦੋਵੇਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਕਿਸਾਨੀ ਦੀ ਰਾਖੀ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿਚ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਕਿਸਾਨਾਂ ਨੂੰ ਰਾਹਤ ਦੇ ਸਕੀਏ। ਪਰਮਿੰਦਰ ਢੀਂਡਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਜੰਗ ਨੂੰ ਜਿੱਤਣ ਲਈ ਕੋਈ ਲੰਬੀ ਰਣਨੀਤੀ ਤਿਆਰ ਕਰਨ। ਼