ਬਾਦਲਾਂ ਨੂੰ ਧੋਬੀ ਪਟਕਾ ਦੇਣ ਲਈ ਸਰਗਰਮ ਹੋਏ ਢੀਂਡਸਾ, ਵਿਰੋਧੀਆਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ!
ਕਿਹਾ, ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣਾ ਮੇਰਾ ਮੁਖ ਮਕਸਦ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਅਲਹਿਦਾ ਹੋ ਕੇ ਨਵੀਂ ਪਾਰਟੀ ਬਣਾਉਣ ਵਾਲੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲਾਂ ਨੂੰ ਧੋਬੀ ਪਟਕਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਉਹ ਬਾਦਲਾਂ ਦੇ ਵਿਰੋਧੀਆਂ ਨੂੰ ਇਕ ਮੰਚ ‘ਤੇ ਲਿਆਉਣ ਲਈ ਸਰਗਰਮ ਹਨ।
ਢੀਂਡਸਾ ਵਲੋਂ ਹਰ ਉਸ ਆਗੂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਜੋ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੋਂ ਗਲਬਾ ਹਟਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਇਨ੍ਹਾਂ ‘ਚ ਮਨਜੀਤ ਸਿੰਘ ਜੀ.ਕੇ ਅਤੇ ਸਰਨਾ ਭਰਾਵਾਂ ਦਾ ਨਾਮ ਸ਼ਾਮਲ ਹੈ। ਸੂਤਰਾਂ ਮੁਤਾਬਕ ਢੀਂਡਸਾ ਵਲੋਂ ਕਿਸੇ ਸਮੇਂ ਇਕ-ਦੂਜੇ ਦੇ ਕੱਟੜ ਵਿਰੋਧੀ ਰਹੇ ਸਰਨਾ ਤੇ ਜੀ.ਕੇ. ਧੜਿਆਂ ਵਿਚਾਲੇ ਸੁਲਾਹ-ਸਫਾਈ ਦੇ ਮਕਸਦ ਨਾਲ ਮੀਟਿੰਗ ਵੀ ਕਰਵਾਈ ਗਈ ਹੈ।
ਬਾਦਲਾਂ ਨੂੰ ਸ਼੍ਰੋਮਣੀ ਕਮੇਣੀ ਤੋਂ ਰੁਖਸਤ ਕਰਨ ਦੇ ਮਕਸਦ ਨਾਲ ਢੀਂਡਸਾ ਵਲੋਂ ਕਿਸਾਨੀ ਧਿਰਾਂ ਦੇ ਹੱਕ ‘ਚ ਡਟਣ ਦੇ ਨਾਲ-ਨਾਲ ਪੰਜਾਬ ਸਰਕਾਰ ਪ੍ਰਤੀ ਵੀ ਨਰਮ ਰੁਖ ਅਪਨਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਮਸਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਿੱਲੀ ਜਾ ਰਹੇ ਹਨ।
ਕਾਬਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਤੋਂ ਵੱਖ ਹੋਣ ਵਾਲੇ ਟਕਸਾਲੀ ਅਕਾਲੀ ਆਗੂਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੀ ਸਿਆਸਤ ‘ਚ ਚੰਗਾ ਰੁਤਬਾ ਰੱਖਣ ਵਾਲੇ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਹੋਰ ਕਈ ਧਿਰਾਂ ਵੀ ਬਾਦਲਾਂ ਨੂੰ ਟੱਕਰ ਦੇਣ ਲਈ ਢੀਂਡਸਾ ਦੀ ਅਗਵਾਈ ਹੇਠ ਸਰਗਰਮ ਹਨ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧਿਆਨ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੁਰਾਣੀ ਭਾਈਵਾਲ ਭਾਜਪਾ ਵੱਲ ਕੇਂਦਰਿਤ ਹੈ। ਉਨ੍ਹਾਂ ਵਲੋਂ ਫਿਲਹਾਲ ਢੀਂਡਸਾ ਦੀਆਂ ਗਤੀਵਿਧੀਆਂ ਨੂੰ ਬਹੁਤੀ ਤਵੱਜੋਂ ਨਹੀਂ ਦਿਤੀ ਜਾ ਰਹੀ। ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਵੱਡੀ ਚੁਨੌਤੀ ਢੀਂਡਸਾ ਵਾਲੇ ਅਕਾਲੀ ਦਲ ਤੋਂ ਹੀ ਮਿਲਣ ਦੇ ਅਸਾਰ ਹਨ। ਵੈਸੇ ਵੀ ਇਹ ਆਮ ਧਾਰਨਾ ਹੈ ਕਿ ਪੰਜਾਬ ਖਾਸ ਕਰ ਕੇ ਸਿੱਖ ਸਿਆਸਤ ‘ਚ ਉਸੇ ਦੀ ਹੀ ਵਧੇਰੇ ਵੁਕਤ ਪੈਂਦੀ ਹੈ, ਜਿਸ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਹੁੰਦਾ ਹੈ।
ਬਾਦਲਾਂ ਦੀ ਸਿੱਖ ਸਿਆਸਤ ‘ਚ ਚੜ੍ਹਤ ਪਿਛੇ ਵੀ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋਣ ਨੂੰ ਮੰਨਿਆ ਜਾਂਦਾ ਰਿਹਾ ਹੈ। ਸੌਦਾ ਸਾਧ ਨੂੰ ਮੁਆਫੀ ਅਤੇ ਬੇਅਦਬੀ ਕਾਂਢਾਂ ਤੋਂ ਬਾਅਦ ਅਕਾਲੀ ਦਲ ਦੀ ਪੰਥਕ ਦਿੱਖ ਨੂੰ ਵੱਡਾ ਖੋਰਾ ਲੱਗਾ ਹੈ। ਕਿਸਾਨਾਂ ਦੇ ਮਸਲੇ ‘ਤੇ ਅਕਾਲੀ ਦਲ ਸਿਆਸਤ ‘ਚ ਮੁੜ ਧਮਾਕਾ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਭਾਜਪਾ ਨਾਲ ਪਏ ਵਿਗਾੜ ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ‘ਚ ਬਾਦਲਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਦਾ ਰਾਹ ਖੁਲ੍ਹਣ ਪਿਛੇ ਵੀ ਭਾਜਪਾ ਦੀ ਬਾਦਲਾਂ ਨੂੰ ਸਬਕ ਸਿਖਾਉਣ ਦੀ ਮਨਸ਼ਾ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਸੁਖਦੇਵ ਸਿਂੰਘ ਢੀਂਡਸਾ ਦੀਆਂ ਸਰਗਰਮੀਆਂ ਬਾਦਲਾਂ ਦੇ ਭਵਿੱਖੀ ਮਨਸੂਬਿਆਂ ਨੂੰ ਵੱਡੀ ਚੁਨੌਤੀ ਦੇ ਸਕਦੀਆਂ ਹਨ।