ਮੋਰਬੀ ਪੁਲ ਹਾਦਸੇ 'ਚ ਸਰਕਾਰੀ ਅਧਿਕਾਰੀ 'ਤੇ ਕਾਰਵਾਈ, ਚੀਫ਼ ਫ਼ਾਇਰ ਅਫ਼ਸਰ ਸੰਦੀਪ ਜ਼ਾਲਾ ਮੁਅੱਤਲ
ਪਹਿਲਾਂ ਹੀ 9 ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
ਗੁਜਰਾਤ : ਮੋਰਬੀ ਵਿੱਚ ਹੋਏ ਪੁਲ ਹਾਦਸੇ ਵਿੱਚ ਪ੍ਰਸ਼ਾਸਨ ਨੇ ਪਹਿਲੀ ਵੱਡੀ ਕਾਰਵਾਈ ਕੀਤੀ ਹੈ। ਰਿਪੋਰਟਾਂ ਮੁਤਾਬਕ ਚੀਫ਼ ਫਾਇਰ ਅਫ਼ਸਰ ਸੰਦੀਪ ਸਿੰਘ ਜ਼ਾਲਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕਿਸੇ ਸਰਕਾਰੀ ਅਧਿਕਾਰੀ ਖ਼ਿਲਾਫ਼ ਇਹ ਪਹਿਲੀ ਵੱਡੀ ਕਾਰਵਾਈ ਹੈ। ਜ਼ਿਕਰਯੋਗ ਹੈ ਕਿ ਮੋਰਬੀ 'ਚ ਮੱਛੂ ਨਦੀ 'ਤੇ ਬ੍ਰਿਟਿਸ਼ ਰਾਜ ਦੌਰਾਨ ਬਣਿਆ ਪੁਲ ਐਤਵਾਰ ਨੂੰ ਢਹਿ ਗਿਆ ਸੀ। ਇਸ ਘਟਨਾ ਵਿੱਚ 135 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
ਹਾਦਸੇ 'ਚ ਮਰਨ ਵਾਲਿਆਂ 'ਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸਨ। ਗੁਜਰਾਤ ਪੁਲਿਸ ਇਸ ਘਟਨਾ ਦੇ ਸਬੰਧ ਵਿੱਚ ਪਹਿਲਾਂ ਹੀ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਤਾਜ਼ਾ ਗ੍ਰਿਫਤਾਰੀ ਦੇ ਸਬੰਧ 'ਚ ਮੋਰਬੀ ਦੇ ਜ਼ਿਲ੍ਹਾ ਅਧਿਕਾਰੀ ਜੀ. ਟੀ. ਪੰਡਯਾ ਨੇ ਕਿਹਾ, 'ਸੂਬੇ ਦੇ ਸ਼ਹਿਰੀ ਵਿਕਾਸ ਵਿਭਾਗ ਨੇ ਮੋਰਬੀ ਨਗਰਪਾਲਿਕਾ ਦੇ ਮੁੱਖ ਅਧਿਕਾਰੀ ਸੰਦੀਪ ਸਿੰਘ ਜ਼ਾਲਾ ਨੂੰ ਮੁਅੱਤਲ ਕਰ ਦਿੱਤਾ ਹੈ।'
ਉਨ੍ਹਾਂ ਦੱਸਿਆ ਕਿ ਮੋਰਬੀ ਦੇ ਰੈਜ਼ੀਡੈਂਟ ਵਧੀਕ ਕੁਲੈਕਟਰ ਨੂੰ ਅਗਲੇ ਹੁਕਮਾਂ ਤੱਕ ਮੁੱਖ ਅਧਿਕਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਰਬੀ ਨਗਰਪਾਲਿਕਾ ਨੇ ਪੁਲ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਠੇਕਾ 15 ਸਾਲਾਂ ਲਈ ਓਰੇਵਾ ਸਮੂਹ ਨੂੰ ਦਿੱਤਾ ਸੀ।