PM SHRI ਸਕੂਲਾਂ ਦੀ ਚੋਣ ਲਈ ਪੋਰਟਲ ਲਾਂਚ, ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਣਗੀਆਂ ਇਹ ਹਾਈ-ਟੈਕ ਸਹੂਲਤਾਂ
ਸਾਰੀਆਂ ਸੂਬਾ ਸਰਕਾਰਾਂ pmshree.education.gov.in 'ਤੇ ਅਪਲਾਈ ਕਰਨ ਦੇ ਯੋਗ ਹੋਣਗੀਆਂ। ਇਸ ਸਕੀਮ ਵਿਚ ਹਰੇਕ ਬਲਾਕ ਵਿਚੋਂ ਦੋ ਸਰਕਾਰੀ ਸਕੂਲ ਅਪਲਾਈ ਕਰ ਸਕਣਗੇ।
ਨਵੀਂ ਦਿੱਲੀ: ਦੇਸ਼ ਵਿਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਸਕੂਲਾਂ ਲਈ PMShri (ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ) ਪੋਰਟਲ ਦੀ ਸ਼ੁਰੂਆਤ ਕੀਤੀ। ਸਾਰੀਆਂ ਸੂਬਾ ਸਰਕਾਰਾਂ pmshree.education.gov.in 'ਤੇ ਅਪਲਾਈ ਕਰਨ ਦੇ ਯੋਗ ਹੋਣਗੀਆਂ। ਇਸ ਸਕੀਮ ਵਿਚ ਹਰੇਕ ਬਲਾਕ ਵਿਚੋਂ ਦੋ ਸਰਕਾਰੀ ਸਕੂਲ ਅਪਲਾਈ ਕਰ ਸਕਣਗੇ।
ਸਰਕਾਰ ਵੱਲੋਂ ਕੁਝ ਮਾਪਦੰਡ ਤੈਅ ਕੀਤੇ ਗਏ ਹਨ ਜਿਨ੍ਹਾਂ ਦੇ ਆਧਾਰ 'ਤੇ ਸਕੂਲਾਂ ਦੀ ਚੋਣ ਕੀਤੀ ਜਾਵੇਗੀ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੋਸੇਲ) ਦੀ ਵੈੱਬਸਾਈਟ ਦੇ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਭਾਰਤ ਸਰਕਾਰ ਦੁਆਰਾ ਇਕ ਕੇਂਦਰੀ ਸਪਾਂਸਰ ਸਕੀਮ ਹੈ। ਇਸ ਪਹਿਲਕਦਮੀ ਦਾ ਉਦੇਸ਼ ਕੇਂਦਰੀ ਵਿਦਿਆਲਿਆ ਸੰਗਠਨ (KVS) ਅਤੇ ਨਵੋਦਿਆ ਵਿਦਿਆਲਿਆ ਸਮਿਤੀ (NVS) ਸਮੇਤ ਕੇਂਦਰ ਸਰਕਾਰ/ਰਾਜ/ਯੂਟੀ ਸਰਕਾਰ/ਸਥਾਨਕ ਸੰਸਥਾਵਾਂ ਦੁਆਰਾ ਪ੍ਰਬੰਧਿਤ 14,500 PM ਸ਼੍ਰੀ ਸਕੂਲਾਂ ਨੂੰ ਵਿਕਸਤ ਕਰਨਾ ਹੈ, ਜਿਸ ਵਿਚ ਹਰੇਕ ਵਿਦਿਆਰਥੀ ਦੀ ਸਿੱਖਿਆ ਪ੍ਰਣਾਲੀ ਦਾ ਧਿਆਨ ਰੱਖਣਾ ਹੈ।
PM ਸ਼੍ਰੀ ਸਕੂਲਾਂ 'ਚ ਕੀ ਹੋਵੇਗਾ ਖਾਸ?
-ਪ੍ਰਧਾਨ ਮੰਤਰੀ ਸ਼੍ਰੀ ਸਕੂਲਾਂ ਵਿਚ ਸਿੱਖਿਆ ਦੇਣ ਦਾ ਆਧੁਨਿਕ, ਪਰਿਵਰਤਨਸ਼ੀਲ ਤਰੀਕਾ ਅਪਣਾਇਆ ਜਾਵੇਗਾ। ਇਹਨਾਂ ਸਕੂਲਾਂ ਵਿਚ ਨਵੀਂ ਸਿੱਖਿਆ ਨੀਤੀ ਤਹਿਤ ਖੋਜ ਮੁਖੀ ਸਿੱਖਿਆ ਦਿੱਤੀ ਜਾਵੇਗੀ ਅਤੇ ਸਿੱਖਣ ’ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ।
-ਇਹਨਾਂ ਸਕੂਲਾਂ ਵਿਚ ਸਮਾਰਟ ਕਲਾਸਰੂਮ, ਖੇਡ ਸਹੂਲਤਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਹੋਵੇਗਾ। ਇਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।
-ਇਹ ਮਾਡਲ ਸਕੂਲ ਹੋਣਗੇ ਜੋ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਉਹਨਾਂ ਨੂੰ ਕੇਂਦਰ ਤੋਂ ਫੰਡ ਮਿਲੇਗਾ।
-ਕੰਪਿਊਟਰ ਲੈਬ ਤੋਂ ਲੈ ਕੇ ਪ੍ਰਯੋਗਸ਼ਾਲਾ, ਲਾਇਬ੍ਰੇਰੀ ਅਤੇ ਹੋਰ ਥਾਵਾਂ 'ਤੇ ਪੜ੍ਹਾਉਣ ਅਤੇ ਸਿੱਖਣ ਲਈ ਨਵੀਨਤਮ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
-ਇਹਨਾਂ ਸਰਕਾਰੀ ਸਕੂਲਾਂ ਵਿਚ ਪਲੇਅ ਸਕੂਲ ਵੀ ਹੋਣਗੇ। ਪੀਐਮ ਸ਼੍ਰੀ ਸਕੂਲਾਂ ਵਿਚ ਤੀਜੀ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਵੇਗੀ।
-ਦੇਸ਼ ਦੇ ਹਰ ਜ਼ਿਲ੍ਹੇ ਦੇ ਦੋ ਬਲਾਕਾਂ ਵਿਚ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਖੋਲ੍ਹੇ ਜਾਣਗੇ। ਇਹਨਾਂ ਸਕੂਲਾਂ ਨੂੰ ਵਿਦਿਆ ਸਮੀਕਸ਼ਾ ਕੇਂਦਰ ਨਾਲ ਜੋੜਿਆ ਜਾਵੇਗਾ। ਇਹ ਕੇਂਦਰ ਸਕੂਲ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰੇਗਾ।
-ਇਹਨਾਂ ਸਕੂਲਾਂ ਨੂੰ ਗਰੀਨ ਸਕੂਲ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਦੇ ਕੈਂਪਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਪਾਣੀ ਦੀ ਸੰਭਾਲ ਤੋਂ ਲੈ ਕੇ ਵੇਸਟ ਰੀਸਾਈਕਲਿੰਗ ਤੱਕ, ਬਿਜਲੀ ਦੀ ਬੱਚਤ ਦਾ ਧਿਆਨ ਰੱਖਿਆ ਜਾਵੇਗਾ। ਇੱਥੇ ਆਰਟ ਰੂਮ ਵੀ ਹੋਣਗੇ।