ਧੀ ਦੇ ਚੋਣ ਪ੍ਰਚਾਰ ਲਈ ਆਈ ਗਾਇਕਾ ਨਾਲ ਵਿਧਾਇਕ ਪਿਓ ਨੇ ਕੀਤਾ ਬਲਾਤਕਾਰ, ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ
Vijay Mishra ਇਕ ਰਿਸ਼ਤੇਦਾਰ ਦੀ ਜਾਇਦਾਦ ਹੜੱਪਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ।
ਭਦੋਹੀ ਦੀ ਐਮਪੀ-ਐਮਐਲਏ ਕੋਰਟ ਨੇ ਸਾਬਕਾ ਵਿਧਾਇਕ ਵਿਜੇ ਮਿਸ਼ਰਾ ਨੂੰ ਵਾਰਾਣਸੀ ਦੀ ਇੱਕ ਗਾਇਕਾ ਨਾਲ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਅਤੇ ਪੋਤੇ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ 'ਤੇ 1.10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਅਦਾਲਤ ਨੇ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਵਿਜੇ ਮਿਸ਼ਰਾ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਲਈ ਸ਼ਨੀਵਾਰ ਦਾ ਦਿਨ ਤੈਅ ਕੀਤਾ ਗਿਆ ਸੀ। ਸ਼ਨੀਵਾਰ ਸਵੇਰੇ 11 ਵਜੇ ਅਦਾਲਤ 'ਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ, ਜਿਸ ਲਈ ਵਿਜੇ ਮਿਸ਼ਰਾ ਨੂੰ ਭਾਰੀ ਸੁਰੱਖਿਆ ਵਿਚਕਾਰ ਸਵੇਰੇ 10 ਵਜੇ ਅਦਾਲਤ 'ਚ ਲਿਜਾਇਆ ਗਿਆ। ਅਦਾਲਤ ਦੇ ਬਾਹਰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਦੱਸ ਦਈਏ ਕਿ ਇਸੇ ਮਾਮਲੇ ਵਿਚ ਮਿਸ਼ਰਾ ਦੇ ਬੇਟੇ ਵਿਸ਼ਨੂੰ ਮਿਸ਼ਰਾ ਅਤੇ ਪੋਤੇ ਵਿਕਾਸ ਮਿਸ਼ਰਾ ਨੂੰ ਵੀ ਮੁਲਜ਼ਮ ਬਣਾਇਆ ਗਿਆ ਸੀ ਪਰ ਅਦਾਲਤ ਨੇ ਦੋਵਾਂ ਨੂੰ ਬਰੀ ਕਰ ਦਿੱਤਾ ਹੈ।
ਸਾਲ 2020 ਵਿਚ ਵਾਰਾਣਸੀ ਦੀ ਰਹਿਣ ਵਾਲੀ ਇੱਕ ਗਾਇਕਾ ਨੇ ਮਿਸ਼ਰਾ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ। ਦੋਸ਼ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਜੇ ਮਿਸ਼ਰਾ ਨੇ ਆਪਣੀ ਬੇਟੀ ਸੀਮਾ ਮਿਸ਼ਰਾ ਦੇ ਚੋਣ ਪ੍ਰਚਾਰ ਲਈ ਗਾਇਕਾ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਵਿਜੇ ਮਿਸ਼ਰਾ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਗਾਇਕਾ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਵਿਜੇ ਮਿਸ਼ਰਾ ਦਾ ਬੇਟਾ ਵਿਸ਼ਨੂੰ ਮਿਸ਼ਰਾ ਅਤੇ ਪੋਤਾ ਵਿਕਾਸ ਮਿਸ਼ਰਾ ਉਸ ਨੂੰ ਵਾਰਾਣਸੀ ਛੱਡਣ ਜਾ ਰਹੇ ਸਨ। ਇਸ ਦੌਰਾਨ ਦੋਵਾਂ ਨੇ ਵੀ ਨਾਲ ਜਬਰ-ਜ਼ਨਾਹ ਕੀਤਾ।
(For more news apart from Bahubali Politician Sentenced For Rape With Female Singer, stay tuned to Rozana Spokesman).