ਕਿਸਾਨਾਂ ਤੋਂ ਮਾਫ਼ੀ ਮੰਗਣ ਸਬੰਧੀ ਕੰਗਨਾ ਰਣੌਤ ਨੇ ਦਿਤਾ ਸਪੱਸ਼ਟੀਕਰਨ - 'ਅਫ਼ਵਾਹਾਂ ਨਾ ਫੈਲਾਉ'
'ਮੈਂ ਕਿਸੇ ਤੋਂ ਮਾਫ਼ੀ ਨਹੀਂ ਮੰਗੀ, ਖੇਤੀ ਕਾਨੂੰਨਾਂ ਦੇ ਹੱਕ 'ਚ ਬੋਲਦੀ ਰਹਾਂਗੀ'
ਚੰਡੀਗੜ੍ਹ : ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਆਪਣਾ ਰਵੱਈਆ ਦਿਖਾਇਆ ਹੈ। ਕੰਗਨਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਮੈਨੂੰ ਕਿਸੇ ਨੇ ਮਾਫ਼ੀ ਮੰਗਣ ਲਈ ਨਹੀਂ ਕਿਹਾ ਅਤੇ ਨਾ ਹੀ ਮੈਂ ਕਦੇ ਕਿਸੇ ਤੋਂ ਮਾਫ਼ੀ ਮੰਗੀ ਹੈ। ਮੈਂ ਮਾਫ਼ੀ ਕਿਉਂ ਮੰਗਾਂ?
ਭੀੜ ਵਿਚ ਉਸ ਔਰਤ ਨਾਲ ਹੋਈ ਸਾਰੀ ਗੱਲਬਾਤ ਦੀ ਵੀਡੀਉ ਤੁਸੀਂ ਦੇਖੀ ਹੈ, ਇਹ ਵੀਡੀਓ ਸਾਰੇ ਮੀਡੀਆ ਪਲੇਟਫਾਰਮਾਂ 'ਤੇ ਵੀ ਉਪਲਬਧ ਹੈ। ਇਸ ਲਈ ਅਫ਼ਵਾਹਾਂ ਨਾ ਫੈਲਾਉ। ਮੈਂ ਹਮੇਸ਼ਾਂ ਕਿਸਾਨਾਂ ਦਾ ਸਾਥ ਦਿਤਾ ਹੈ ਅਤੇ ਇਸ ਲਈ ਹੀ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੀ ਹਾਂ ਅਤੇ ਹਮੇਸ਼ਾਂ ਬੋਲਦੀ ਰਹਾਂਗੀ।''
ਦੱਸਣਯੋਗ ਹੈ ਕੀ ਕੰਗਨਾ ਰਣੌਤ ਨੂੰ ਸ਼ੁੱਕਰਵਾਰ ਨੂੰ ਕੀਰਤਪੁਰ 'ਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਕੰਗਨਾ ਦੇ ਹਿਮਾਚਲ ਤੋਂ ਪੰਜਾਬ 'ਚ ਦਾਖਲ ਹੁੰਦੇ ਹੀ ਕਿਸਾਨਾਂ ਨੇ ਘੇਰ ਲਿਆ। ਉਸ ਨੂੰ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ, ਔਰਤਾਂ ਬਾਰੇ ਵਰਤੀ ਗ਼ਲਤ ਸ਼ਬਦਾਵਲੀ ਅਤੇ ਕਿਸਾਨ ਅੰਦੋਲਨ ਬਾਰੇ ਆਪਣੀ ਬਿਆਨਬਾਜ਼ੀ ਲਈ ਮਾਫ਼ੀ ਮੰਗਣ ਲਈ ਕਿਹਾ ਗਿਆ ਸੀ। ਕਰੀਬ ਇੱਕ ਘੰਟੇ ਦੇ ਧਰਨੇ ਤੋਂ ਬਾਅਦ ਕੰਗਣਾ ਦਾ ਕਾਫਲਾ ਪਿੰਡਾਂ ਵਿੱਚ ਦਾਖ਼ਲ ਹੁੰਦਾ ਹੋਇਆ ਚੰਡੀਗੜ੍ਹ ਪਹੁੰਚਿਆ ਸੀ।
ਉਧਰ ਵਿਰੋਧ ਪ੍ਰਦਰਸ਼ਨ ਕਰ ਰਹੀ ਔਰਤ ਦੇ ਮੁਤਾਬਕ ਕੰਗਨਾ ਰਣੌਤ ਮਾਫ਼ੀ ਮੰਗ ਕੇ ਗਈ ਸੀ। ਹਾਲਾਂਕਿ ਕੰਗਨਾ ਜਿਸ ਵੀਡੀਓ ਦੀ ਗੱਲ ਕਰ ਰਹੀ ਹੈ, ਉਸ 'ਚ ਉਹ ਮਹਿਲਾ ਪ੍ਰਦਰਸ਼ਨਕਾਰੀ ਨੂੰ ਸਪੱਸ਼ਟ ਕਰ ਰਹੀ ਹੈ ਕਿ 100 ਰੁਪਏ ਦੀ ਗੱਲ ਕਿਸਾਨ ਅੰਦੋਲਨ ਲਈ ਨਹੀਂ, ਸ਼ਾਹੀਨ ਬਾਗ਼ ਦੀ ਸੀ।