ਕੰਗਨਾ ਰਣੌਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਨਾਲੀ ਥਾਣੇ ਵਿਚ ਦਰਜ ਕਰਵਾਈ ਐਫਆਈਆਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

Kangana Ranaut gets death threats over her post

ਮਨਾਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ 'ਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਪੁਲਿਸ ਸਟੇਸ਼ਨ 'ਚ ਐੱਫਆਈਆਰ ਦਰਜ ਕਰਵਾਈ ਗਈ ਹੈ। ਕੰਗਨਾ ਮੁਤਾਬਕ ਮੁੰਬਈ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਉਹਨਾਂ ਦੀ ਪੋਸਟ 'ਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਦੇ ਇਕ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕੰਗਨਾ ਵੱਲੋਂ ਮਨਾਲੀ ਥਾਣੇ 'ਚ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ। ਐਸਪੀ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਅਦਾਕਾਰਾ ਕੰਗਨਾ ਰਣੌਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੰਗਨਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਐਫਆਈਆਰ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ 26/11 ਦੇ ਹਮਲਿਆਂ 'ਤੇ ਆਪਣੀ ਰਾਇ ਸਾਂਝੀ ਕਰਨ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਕੰਗਨਾ ਨੇ ਲਿਖਿਆ, 'ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮੈਂ ਲਿਖਿਆ ਸੀ ਕਿ ਗੱਦਾਰਾਂ ਨੂੰ ਕਦੇ ਮਾਫ ਕਰਨਾ ਜਾਂ ਭੁੱਲਣਾ ਨਹੀਂ। ਇਸ ਤਰ੍ਹਾਂ ਦੀ ਘਟਨਾ ਵਿਚ ਦੇਸ਼ ਦੇ ਅੰਦਰੂਨੀ ਗੱਦਾਰਾਂ ਦਾ ਹੱਥ ਹੁੰਦਾ ਹੈ। ਦੇਸ਼ ਧ੍ਰੋਹੀ ਗੱਦਾਰਾਂ ਨੇ ਕਦੇ ਪੈਸੇ ਦੇ ਲਾਲਚ ਵਿਚ ਅਤੇ ਕਦੇ ਅਹੁਦੇ ਅਤੇ ਸੱਤਾ ਦੇ ਲਾਲਚ ਵਿਚ ਭਾਰਤ ਮਾਤਾ ਨੂੰ ਦਾਗਦਾਰ ਕਰਨ ਦਾ ਇਕ ਵੀ ਮੌਕਾ ਨਹੀਂ ਛੱਡਿਆ, ਦੇਸ਼ ਅੰਦਰਲੇ ਗੱਦਾਰ ਸਾਜ਼ਿਸ਼ਾਂ ਰਚ ਕੇ ਦੇਸ਼ ਵਿਰੋਧੀ ਤਾਕਤਾਂ ਦੀ ਮਦਦ ਕਰਦੇ ਰਹੇ, ਉਦੋਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਮੇਰੀ ਇਸ ਪੋਸਟ 'ਤੇ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਕੰਗਨਾ ਨੇ ਅੱਗੇ ਕਿਹਾ, 'ਬਠਿੰਡਾ ਦੇ ਇਕ ਭਾਈ ਸਾਬ੍ਹ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੈਂ ਇਸ ਕਿਸਮ ਦੀਆਂ ਧਮਕੀਆਂ ਤੋਂ ਨਹੀਂ ਡਰਦੀ। ਮੈਂ ਦੇਸ਼ ਖਿਲਾਫ ਸਾਜ਼ਿਸ਼ਾਂ ਰਚਣ ਵਾਲਿਆਂ ਅਤੇ ਅੱਤਵਾਦੀ ਤਾਕਤਾਂ ਵਿਰੁੱਧ ਹਮੇਸ਼ਾਂ ਬੋਲਦੀ ਰਹਾਂਗੀ। ਉਹ ਚਾਹੇ ਬੇਕਸੂਰ ਜਵਾਨਾਂ ਦੀ ਹੱਤਿਆ ਕਰਨ ਵਾਲੇ ਨਕਸਲੀ ਹੋਣ, ਟੁਕੜੇ-ਟੁਕੜੇ ਗੈਂਗ ਹੋਣ ਜਾਂ ਪੰਜਾਬ ਵਿਚ ਗੁਰੂਆਂ ਦੀ ਪਵਿੱਤਰ ਧਰਤੀ ਨੂੰ ਖਾਲਿਸਤਾਨ ਬਣਾਉਣ ਦੇ ਸੁਪਨੇ ਲੈ ਰਹੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀ ਹੋਣ'।

ਅਭਿਨੇਤਰੀ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਲੋਕਤੰਤਰ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਦੇਸ਼ ਦੀ ਅਖੰਡਤਾ, ਏਕਤਾ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਮੌਲਿਕ ਅਧਿਕਾਰ ਸਾਨੂੰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੇ ਦਿੱਤਾ ਹੈ। ਮੈਂ ਕਦੇ ਵੀ ਕਿਸੇ ਜਾਤ, ਧਰਮ ਜਾਂ ਸਮੂਹ ਬਾਰੇ ਅਪਮਾਨਜਨਕ ਜਾਂ ਨਫ਼ਰਤ ਫੈਲਾਉਣ ਵਾਲੀ ਕੋਈ ਗੱਲ ਨਹੀਂ ਕੀਤੀ'। ਕੰਗਨਾ ਨੇ ਅੱਗੇ ਕਿਹਾ- 'ਮੈਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਜੀ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੀ ਕਿ ਤੁਸੀਂ ਵੀ ਇੱਕ ਔਰਤ ਹੋ, ਤੁਹਾਡੀ ਸੱਸ ਇੰਦਰਾ ਗਾਂਧੀ ਜੀ ਨੇ ਆਖਰੀ ਦਮ ਤੱਕ ਇਸ ਅੱਤਵਾਦ ਵਿਰੁੱਧ ਜ਼ੋਰਦਾਰ ਲੜਾਈ ਲੜੀ। ਕਿਰਪਾ ਕਰਕੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹੀਆਂ ਦਹਿਸ਼ਤਗਰਦ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਖਤਰੇ 'ਤੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਦਿਓ'।

ਉਹਨਾਂ ਅੱਗੇ ਕਿਹਾ ਕਿ ਮੈ ਨਾ ਡਰੀ ਹਾਂ ਨਾ ਕਦੀ ਡਰਾਂਗੀ। ਦੇਸ਼ ਦੇ ਹਿੱਤ ਵਿਚ, ਗੱਦਾਰਾਂ ਖਿਲਾਫ਼ ਖੁੱਲ੍ਹ ਕੇ ਬੋਲਦੀ ਰਹਾਂਗੀ। ਪੰਜਾਬ 'ਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਕੁਝ ਲੋਕ ਬਿਨ੍ਹਾਂ ਸੰਦਰਭ ਤੋਂ ਮੇਰੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜੇਕਰ ਭਵਿੱਖ 'ਚ ਮੈਨੂੰ ਕੁਝ ਹੋਇਆ ਤਾਂ ਉਸ ਲਈ ਸਿਰਫ਼ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਹੀ ਜ਼ਿੰਮੇਵਾਰ ਹੋਣਗੇ। ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਚੋਣਾਂ ਜਿੱਤਣ ਦੀਆਂ ਸਿਆਸੀ ਲਾਲਸਾਵਾਂ ਦੀ ਖਾਤਰ ਕਿਸੇ ਪ੍ਰਤੀ ਨਫਰਤ ਨਾ ਫੈਲਾਈ ਜਾਵੇ'।