ਮੋਦੀ ਸਰਕਾਰ 'ਤੇ ਭੜਕੇ ਮਹਿਬੂਬਾ ਮੁਫਤੀ, ਕਿਹਾ- ਧਾਰਾ 370 ਹਟਣ ਨਾਲ ਕਸ਼ਮੀਰ ਨੇ ਗਵਾਈ ਅਪਣੀ ਪਛਾਣ
ਕੇਂਦਰ 'ਤੇ ਕਈ ਆਰੋਪ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਇਹ ਵਿਸ਼ੇਸ਼ ਅਧਿਕਾਰ ਵਾਪਸ ਕਰਨਾ ਹੋਵੇਗਾ।
ਨਵੀਂ ਦਿੱਲੀ: ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਧਾਰਾ 370 ਅਤੇ 35ਏ ਨੂੰ ਰੱਦ ਕਰਨ ਨਾਲ ਉਹਨਾਂ ਦੀ ਪਛਾਣ ਖਤਮ ਹੋ ਗਈ ਹੈ। ਕੇਂਦਰ 'ਤੇ ਕਈ ਆਰੋਪ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਇਹ ਵਿਸ਼ੇਸ਼ ਅਧਿਕਾਰ ਵਾਪਸ ਕਰਨਾ ਹੋਵੇਗਾ। ਇਕ ਇੰਟਰਵਿਊ 'ਚ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਾਰੀਫ ਕੀਤੀ।
ਮਹਿਬੂਬਾ ਨੇ ਕਿਹਾ ਕਿ ਵਾਜਪਾਈ ਨੇ ਹਮੇਸ਼ਾ ਕਸ਼ਮੀਰ ਨੂੰ ਦਿਲ ਦੀਆਂ ਨਜ਼ਰਾਂ ਨਾਲ ਦੇਖਿਆ। ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਜਾ ਕੇ ਹੁਰੀਅਤ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪਰਵੇਜ਼ ਮੁਸ਼ੱਰਫ ਨੂੰ ਭਾਰਤ ਬੁਲਾਇਆ ਗਿਆ। ਇਸ ਲਈ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਗਈ। ਮਹਿਬੂਬਾ ਨੇ ਕਿਹਾ ਕਿ ਭਾਵੇਂ ਵਾਜਪਾਈ ਚੋਣ ਹਾਰ ਗਏ ਪਰ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ। ਉਹਨਾਂ ਵਾਜਪਾਈ ਨੂੰ ਮਹਾਨ ਨੇਤਾ ਦੱਸਦੇ ਹੋਏ ਕਿਹਾ ਕਿ ਉਹਨਾਂ ਦੀ ਛਾਤੀ 56 ਇੰਚ ਨਹੀਂ ਸਗੋਂ 67 ਇੰਚ ਦੀ ਸੀ।
ਮਹਿਬੂਬਾ ਨੇ ਕਿਹਾ, ''2019 'ਚ ਧਾਰਾ 370 ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਹਟਾਇਆ ਗਿਆ ਸੀ ਅਤੇ ਹੁਣ ਉਹ ਕਹਿ ਰਹੇ ਹਨ ਕਿ ਅਸੀਂ ਨਵਾਂ ਕਸ਼ਮੀਰ ਬਣਾਇਆ ਹੈ। ਕਿੱਥੇ ਹੈ ਨਵਾਂ ਕਸ਼ਮੀਰ? ਅੱਜ ਇੱਕ ਧੀ ਆਪਣੇ ਪਿਤਾ ਦੀ ਲਾਸ਼ ਮੰਗ ਰਹੀ ਹੈ। ਇੱਕ ਭੈਣ ਆਪਣੇ ਭਰਾ ਦੀ ਲਾਸ਼ ਦੀ ਉਡੀਕ ਕਰ ਰਹੀ ਹੈ। ਗਲੀਆਂ ਵਿਚ ਲੱਗੇ ਖੂਨ ਦੇ ਧੱਬੇ ਪਾਣੀ ਨਾਲ ਧੋਤੇ ਜਾ ਰਹੇ ਹਨ। ਬਦਕਿਸਮਤੀ ਨਾਲ ਕੁਝ ਮੀਡੀਆ ਆਊਟਲੈੱਟਸ ਸਰਕਾਰ ਦੇ ਬਿਰਤਾਂਤ ਨੂੰ ਫੈਲਾ ਰਹੇ ਹਨ। ਨਵਾਂ ਕਸ਼ਮੀਰ? ਨਵੇਂ ਹਿੰਦੁਸਤਾਨ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਸੰਵਿਧਾਨ ਦੀ ਗੱਲ ਕਰਨ ਵਾਲਿਆਂ ਨੂੰ ਟੁਕੜੇ-ਟੁਕੜੇ ਗੈਂਗ ਕਿਹਾ ਜਾਂਦਾ ਹੈ। ਮੁਸਲਮਾਨ, ਇੱਥੋਂ ਤੱਕ ਕਿ ਫਿਲਮੀ ਸਿਤਾਰਿਆਂ ਨੂੰ ਵੀ ਸਮਾਜਿਕ ਤੌਰ 'ਤੇ ਦੂਰ ਕੀਤਾ ਜਾ ਰਿਹਾ ਹੈ। ਇਹ ਗਾਂਧੀ ਦਾ ਹਿੰਦੁਸਤਾਨ ਨਹੀਂ ਹੈ, ਇਹ ਗੋਡਸੇ ਦਾ ਹਿੰਦੁਸਤਾਨ ਹੈ ਅਤੇ ਇਹ ਗੋਡਸੇ ਦਾ ਕਸ਼ਮੀਰ ਬਣਾ ਰਹੇ ਹਨ"।