ਰਾਜ ਸਭਾ ਵਿਚ ਬੋਲੇ ਸੁਸ਼ੀਲ ਮੋਦੀ, 'ਬੱਚਿਆਂ ’ਚ Online Games ਦੀ ਵਧ ਰਹੀ ਲਤ ਚਿੰਤਾ ਦਾ ਵਿਸ਼ਾ'

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਨੌਜਵਾਨਾਂ ਵਿਚ ਆਨਲਾਈਨ ਖੇਡਾਂ ਦੇ ਵਧਦੇ ਰੁਝਾਨ 'ਤੇ ਚਿੰਤਾ ਜ਼ਾਹਰ ਕੀਤੀ ਹੈ।

Sushil Kumar Modi

ਨਵੀਂ ਦਿੱਲੀ: ਰਾਜ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਨੌਜਵਾਨਾਂ ਵਿਚ ਆਨਲਾਈਨ ਖੇਡਾਂ ਦੇ ਵਧਦੇ ਰੁਝਾਨ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਲਾਕਡਾਊਨ ਤੋਂ ਬਾਅਦ ਬੱਚਿਆਂ ਵਲੋਂ ਆਨਲਾਈਨ ਗੇਮਾਂ ਵਿਚ ਵੱਧ ਸਮਾਂ ਬਿਤਾਉਣ ਸਬੰਧੀ ਚਿੰਤਾ ਪ੍ਰਗਟਾਈ ਹੈ।

ਉਹਨਾਂ ਨੇ ਕੇਂਦਰ ਸਰਕਾਰ ਤੋਂ ਇਸ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਉੱਚ ਸਦਨ ਵਿਚ ਇਹ ਮੁੱਦਾ ਚੁੱਕਦਿਆਂ ਸੁਸ਼ੀਲ ਮੋਦੀ ਨੇ ਕਿਹਾ ਕਿ ਆਨਲਾਈਨ ਖੇਡਾਂ ਬਹੁਤ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਕਰੋੜਾਂ ਨੌਜਵਾਨ ਇਸ ਦੀ ਲਤ ਦਾ ਸ਼ਿਕਾਰ ਹੋ ਰਹੇ ਹਨ।

ਉਹਨਾਂ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਬੱਚੇ ਮੋਬਾਈਲ ਗੇਮਾਂ 'ਤੇ ਹਰ ਹਫ਼ਤੇ ਔਸਤਨ 2.5 ਘੰਟੇ ਬਿਤਾਉਂਦੇ ਸਨ, ਜੋ ਲਾਕਡਾਊਨ ਦੌਰਾਨ ਵਧ ਕੇ ਪੰਜ ਘੰਟੇ ਹੋ ਗਏ। ਉਹਨਾਂ ਕਿਹਾ, 'ਅੱਜ 43 ਕਰੋੜ ਤੋਂ ਵੱਧ ਉਪਭੋਗਤਾ ਆਨਲਾਈਨ ਗੇਮ ਖੇਡ ਰਹੇ ਹਨ। ਅਨੁਮਾਨ ਹੈ ਕਿ 2025 ਤੱਕ ਇਹ ਅੰਕੜਾ 65.7 ਕਰੋੜ ਹੋ ਜਾਵੇਗਾ’। ਸੁਸ਼ੀਲ ਮੋਦੀ ਨੇ ਕਿਹਾ ਕਿ ਤੇਲੰਗਾਨਾ, ਆਂਧਰਾ ਪ੍ਰਦੇਸ਼, ਕੇਰਲ ਅਤੇ ਤਾਮਿਲਨਾਡੂ ਵਰਗੇ ਸੂਬਿਆਂ ਨੇ ਆਨਲਾਈਨ ਗੇਮਾਂ 'ਤੇ ਪਾਬੰਦੀ ਲਗਾਈ ਸੀ ਪਰ ਇਹਨਾਂ ਸੂਬਿਆਂ ਦੀਆਂ ਉੱਚ ਅਦਾਲਤਾਂ ਨੇ ਇਸ ਨੂੰ ਰੱਦ ਕਰ ਦਿੱਤਾ।

ਉਹਨਾਂ ਕਿਹਾ, 'ਸਰਕਾਰ ਨੂੰ ਆਨਲਾਈਨ ਖੇਡਾਂ ਨੂੰ ਕੰਟਰੋਲ ਕਰਨ ਲਈ ਇਕ ਵਿਆਪਕ ਢਾਂਚਾ ਤਿਆਰ ਕਰਨਾ ਚਾਹੀਦਾ ਹੈ... ਇਕ ਵਿਆਪਕ ਫਰੇਮਵਰਕ ਤਿਆਰ ਕਰਨਾ ਚਾਹੀਦਾ ਹੈ... ਨਹੀਂ ਤਾਂ ਅਸੀਂ ਇਸ ਦੇਸ਼ ਦੇ ਕਰੋੜਾਂ ਬੱਚਿਆਂ ਨੂੰ ਆਨਲਾਈਨ ਗੇਮਾਂ ਵਿਚ ਸ਼ਾਮਲ ਹੋਣ ਤੋਂ ਨਹੀਂ ਰੋਕ ਸਕਾਂਗੇ। ਮੋਦੀ ਦੀ ਇਸ ਮੰਗ ਨੂੰ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਵੀ ਗੰਭੀਰਤਾ ਨਾਲ ਲਿਆ ਅਤੇ ਸਦਨ 'ਚ ਮੌਜੂਦ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਸਲਾਹ-ਮਸ਼ਵਰਾ ਕਰਕੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ।