ਨਹੀਂ ਰਹੇ ਸੀਨੀਅਰ ਪੱਤਰਕਾਰ ਵਿਨੋਦ ਦੁਆ, ਕਈ ਦਿਨਾਂ ਤੋਂ ਸਨ ਬਿਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਅੱਜ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।

Senior journalist Vinod Dua passes away

ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਅੱਜ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹਨਾਂ ਨੂੰ ਦਿੱਲੀ ਦੇ ਇਕ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਕਰਵਾਇਆ ਗਿਆ ਸੀ। ਵਿਨੋਦ ਦੁਆ ਇਸ ਸਾਲ ਦੇ ਸ਼ੁਰੂ ਵਿਚ ਕੋਵਿਡ-19 ਨਾਲ ਸੰਕਰਮਿਤ ਹੋਏ ਸਨ ਅਤੇ ਉਹਨਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਉਹਨਾਂ ਦੀ ਮੌਤ ਦੀ ਪੁਸ਼ਟੀ ਉਹਨਾਂ ਦੀ ਧੀ ਅਤੇ ਕਾਮੇਡੀਅਨ ਮਲਿਕਾ ਦੁਆ ਨੇ ਕੀਤੀ ਹੈ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਕੀਤਾ ਜਾਵੇਗਾ। ਦੱਸ ਦਈਏ ਕਿ ਵਿਨੋਦ ਦੁਆ ਦਾ ਜਨਮ ਨਵੀਂ ਦਿੱਲੀ ਵਿਚ ਹੋਇਆ ਸੀ। ਹਿੰਦੀ ਪੱਤਰਕਾਰੀ ਦਾ ਇਕ ਮਜ਼ਬੂਤ ​​ਥੰਮ ਮੰਨੇ ਜਾਂਦੇ ਵਿਨੋਦ ਦੁਆ ਲਗਭਗ ਤੀਹ ਸਾਲਾਂ ਤੱਕ ਟੀਵੀ, ਅਖਬਾਰਾਂ ਤੋਂ ਲੈ ਕੇ ਇੰਟਰਨੈੱਟ ਜ਼ਰੀਏ ਅਪਣੀ ਗੱਲ ਰੱਖਦੇ ਰਹੇ।

ਉਹਨਾਂ ਨੇ ਦੂਰਦਰਸ਼ਨ ਅਤੇ ਐਨਡੀਟੀਵੀ ਵਿਚ ਵੀ ਕੰਮ ਕੀਤਾ। 1996 ਵਿਚ ਉਹ ਰਾਮਨਾਥ ਗੋਇਨਕਾ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਇਲੈਕਟ੍ਰਾਨਿਕ ਮੀਡੀਆ ਪੱਤਰਕਾਰ ਸਨ। ਉਹਨਾਂ ਨੂੰ ਪੱਤਰਕਾਰੀ ਲਈ 2008 ਵਿਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।